ਦਵਿੰਦਰ ਭੰਗੂ
ਰਈਆ, 24 ਜੂਨ
ਇੱਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ੋਨ ਬਾਬਾ ਬਕਾਲਾ ਸਾਹਿਬ ਤੇ ਜ਼ੋਨ ਮਹਿਤਾ ਦੀਆਂ ਵਿਸ਼ਾਲ ਮੀਟਿੰਗਾਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਕਾਰਪੋਰੇਟਾਂ ਦੀ ਦਲਾਲ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਹਰ ਹਰਬਾ ਵਰਤ ਰਹੀ ਹੈ,ਪਰ ਦੇਸ਼ ਦੇ ਕਿਸਾਨ ਮਜ਼ਦੂਰ ਸਰਕਾਰ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਪੂੰਜੀਪਤੀ ਘਰਾਣਿਆਂ ਦੇ ਦਬਾਅ ਹੇਠ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਤੋ ਭੱਜ ਰਹੀ ਹੈ। ਸਰਕਾਰ ਨੇ ਫ਼ਸਲਾਂ ਦੇ ਭਾਅ ਵਿੱਚ ਨਿਗੂਣਾ ਵਾਧਾ ਕੀਤਾ ਹੈ,ਪਰ ਦਾਅਵੇ ਐੱਮਐੱਸਪੀ ਉੱਤੇ ਖ਼ਰੀਦ ਕਰਨ ਦੇ ਕੀਤੇ ਜਾਂਦੇ ਹਨ। ਦਿੱਲੀ ਵਿਚ ਚੱਲ ਰਹੇ ਘੋਲ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਤੋਂ 5 ਜੁਲਾਈ ਨੂੰ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਵੇਗਾ। ਇਸ ਮੌਕੇ ਅਜੀਤ ਸਿੰਘ ਠੱਠੀਆਂ, ਚਰਨ ਸਿੰਘ ਕਲੇਰ ਘੁਮਾਣ,ਸੰਤੋਖ ਸਿੰਘ ਬੁਤਾਲਾ,ਸਤਨਾਮ ਸਿੰਘ ਸਠਿਆਲਾ ਹਾਜ਼ਰ ਸਨ।