ਆਤਿਸ਼ ਗੁਪਤਾ
ਚੰਡੀਗੜ੍ਹ, 24 ਜੂਨ
ਪੰਜਾਬ ਵਿੱਚ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਤੋਂ ਖਫ਼ਾ ਵਿਸ਼ੇਸ਼ ਲੋੜਾਂ ਵਾਲੇ ਖ਼ਿਡਾਰੀ (ਪੈਰਾ ਐਥਲੀਟ) ਵੀ ਨੌਕਰੀਆਂ ਦੀ ਮੰਗ ਕਰਨ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਪੁੱਜੇ। ਇਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਪੰਜਾਬ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਹਮਾਇਤ ਕੀਤੀ। ਪੈਰਾ ਖ਼ਿਡਾਰੀਆਂ ਨੇ ਸਰਕਾਰ ਦੇ ਲੋਕ ਵਿਰੋਧੀ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨੌਕਰੀਆਂ ਦੀ ਮੰਗ ਲਈ ਆਏ ਖ਼ਿਡਾਰੀਆਂ ਨੂੰ ਚੰਡੀਗੜ੍ਹ ਪੁਲੀਸ ਨੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ’ਤੇ ਰੋਕ ਲਿਆ ਜਿਸ ਤੋਂ ਬਾਅਦ ਲਾਠੀਚਾਰਜ ਕਰਦਿਆਂ ਖਿੱਚ ਧੂਹ ਕਰਕੇ ਹਿਰਾਸਤ ਵਿੱਚ ਲੈ ਲਿਆ। ਇਸ ਖਿੱਚ-ਧੂਹ ਦੌਰਾਨ ਕਈ ਖਿਡਾਰੀਆਂ ਦੀਆਂ ਬਾਹਾਂ ਅਤੇ ਲੱਤਾਂ ਛਿੱਲੀਆਂ ਗਈਆਂ।
ਪੈਰਾ ਖ਼ਿਡਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਉਸ ਨੇ ਕੌਮਾਂਤਰੀ ਪੱਧਰ ’ਤੇ ਖੇਡਦੇ ਹੋਏ ਕਈ ਤਗ਼ਮੇ ਜਿੱਤੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪਰ ਸੂਬਾ ਸਰਕਾਰ ਕੋਲ ਅਜਿਹੇ ਖਿਡਾਰੀਆਂ ਨੂੰ ਦੇਣ ਲਈ ਨੌਕਰੀਆਂ ਨਹੀਂ ਹਨ ਪਰ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਸੰਜੀਵ ਕੁਮਾਰ ਨੇ ਕਿਹਾ ਕਿ ਉਹ ਬੈਡਮਿੰਟਨ ਵਿੱਚ ਦੋ ਦਰਜਨ ਦੇ ਕਰੀਬ ਤਗ਼ਮੇ ਜਿੱਤ ਚੁੱਕਿਆ ਹੈ। ਉਸ ਨੂੰ ਸਰਕਾਰੀ ਭਰੋਸੇ ਤਾਂ ਬਹੁਤ ਮਿਲੇ ਪਰ ਕਦੇ ਵੀ ਨੌਕਰੀ ਅਤੇ ਸਰਕਾਰੀ ਸਹੂਲਤਾਂ ਨਹੀਂ ਦਿੱਤੀਆਂ। ‘ਆਪ’ ਆਗੂ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਖ਼ਿਡਾਰੀਆਂ ਦੀ ਸਾਰ ਨਹੀਂ ਲੈ ਰਹੀ, ਸਗੋਂ ਪੈਸੇ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਖ਼ਿਡਾਰੀਆਂ ਲਈ ਐਲਾਨ ਤਾਂ ਬਹੁਤ ਕੀਤੇ ਸਨ ਪਰ ਸੂਬਾ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਦੇਸ਼ ਲਈ ਖੇਡਾਂ ਖੇਡਣ ਵਾਲੇ ਅਤੇ ਤਗ਼ਮੇ ਜਿੱਤਣ ਵਾਲੇ ਖਿਡਾਰੀ ਅੱਜ ਗੁਰਬਤ ਭੋਗ ਰਹੇ ਹਨ। ਇਸ ਸਰਕਾਰ ਨੇ ਕਈ ਖ਼ਿਡਾਰੀਆਂ ਨੂੰ ਵੱਖ-ਵੱਖ ਐਵਾਰਡਾਂ ਦੇ ਨਾਂ ’ਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਵਾਹ ਵਾਹ ਤਾਂ ਜ਼ਰੂਰ ਖੱਟੀ ਪਰ ਮਾਣ ਸਨਮਾਨ ਦੀ ਰਕਮ ਅਤੇ ਬਣਦੀ ਨੌਕਰੀ ਦੇਣ ਤੋਂ ਕਿਨਾਰਾ ਕਰ ਲਿਆ ਹੈ।