ਲਾਹੌਰ, 24 ਜੂਨ
ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਤੋਂ ਇਕ ਦਿਨ ਮਗਰੋਂ ਪਾਕਿਸਤਾਨੀ ਅਥਾਰਿਟੀਜ਼ ਨੇ ਪੰਜਾਬ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਛਾਪੇ ਮਾਰ ਕੇ ਕਈ ਮਸ਼ਕੂਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸਈਦ ਦੀ ਜੌਹਰ ਟਾਊਨ ਵਿੱਚ ਬੀਓਆਰ ਸੁਸਾਇਟੀ ਵਿਚਲੀ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 21 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਬੁੱਧਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਹੋਏ ਇਸ ਧਮਾਕੇ ਵਿੱਚ ਸਈਦ ਦੀ ਰਿਹਾਇਸ਼ ਬਾਹਰ ਸੁਰੱਖਿਆ ਪਹਿਰੇ ’ਤੇ ਤਾਇਨਾਤ ਕੁਝ ਪੁਲੀਸ ਅਧਿਕਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ। ਧਮਾਕੇ ਕਰਕੇ ਸਈਦ ਦੇ ਘਰ ਦੀਆਂ ਕੰਧਾਂ ਤੇ ਖਿੜਕੀਆਂ ਵੀ ਨੁਕਸਾਨੀਆਂ ਗਈਆਂ। ਅਜੇ ਤੱਕ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜੀਓ ਟੀਵੀ ਦੀ ਰਿਪੋਰਟ ਮੁਤਾਬਕ ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਛਾਪੇ ਮਾਰੇ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੀਟੀਡੀ ਨੇ ਕਈ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੀਟੀਡੀ ਤੇ ਇੰਟੈਲੀਜੈਂਸ ੲੇਜੰਸੀਆਂ ਵੱਲੋਂ ਮੌਕੇ ਤੋਂ ਸਬੂਤ ਇਕੱਤਰ ਕੀਤੇ ਗਏ ਹਨ। ਇਨ੍ਹਾਂ ਵਿੱਚ ਬਾਲ ਬੇਅਰਿੰਗ, ਲੋਹੇ ਦੇ ਟੁਕੜੇ ਤੇ ਵਾਹਨ ਦੇ ਕੁਝ ਹਿੱਸੇ ਸ਼ਾਮਲ ਹਨ। ਜਾਂਚ ਏਜੰਸੀਆਂ ਨੇ ਧਮਾਕੇ ਦੀ ਜਾਂਚ ਲਈ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਜੀਓ-ਫੈਂਸਿੰਗ ਜ਼ਰੀਏ ਇਲਾਕੇ ਵਿੱਚ ਆਏ ਤੇ ਬਾਹਰ ਜਾਣ ਵਾਲੇ ਹਰ ਮੋਬਾਈਲ ਯੰਤਰ ਦਾ ਜੀਪੀਐੱਸ ਜਾਂ ਰੇਡੀਓ ਫ੍ਰੀਕੁਐਂਸੀ ਪਛਾਣ (ਆਰਐੱਫਆਈਡੀ) ਤਕਨੀਕ ਨਾਲ ਪਤਾ ਲਾਇਆ ਜਾ ਸਕੇਗਾ। ਸਈਦ ਭਾਵੇਂ ਦਹਿਸ਼ਤ ਫੰਡਿੰਗ ਕੇਸਾਂ ਕਰਕੇ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ, ਪਰ ਧਮਾਕੇ ਮਗਰੋਂ ਇਸ ਚੁੰਝ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਸਈਦ ਆਪਣੇ ਘਰ ਵਿੱਚ ਹੀ ਮੌਜੂਦ ਸੀ। -ਪੀਟੀਆਈ