ਸ਼ਗਨ ਕਟਾਰੀਆ
ਬਠਿੰਡਾ, 24 ਜੂਨ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦਾ ਅੱਜ ਇਥੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਸੀ। ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੰਤਰੀ ਦਾ ਰਸਤਾ ਬਦਲ ਦਿੱਤਾ ਗਿਆ। ਰੋਸ ਮਾਰਚ ਦੀ ਅਗਵਾਈ ਕਰ ਰਹੇ ਗੁਰਵਿੰਦਰ ਪੰਨੂ, ਵਰਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨਾਲ 22 ਜੂਨ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਅਦਾਖ਼ਿਲਾਫ਼ੀ ਕਰਦਿਆਂ ਪ੍ਰਸਤਾਵਿਤ ਮੀਟਿੰਗ ਨਹੀਂ ਕੀਤੀ, ਜਿਸ ਖ਼ਿਲਾਫ਼ ਅੱਜ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਪਰ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਇਥੇ ਪੀਐੱਸਪੀਸੀਐੱਲ ਦੇ ਵੀਵੀਆਈਪੀ ਗੈਸਟ ਹਾਊਸ ਵਿੱਚ ਆਉਣ ਦੀ ਸੂਹ ਮਿਲਦਿਆਂ ਹੀ ਪ੍ਰਦਰਸ਼ਨ ਦੀ ਰੂਪ-ਰੇਖਾ ਹੰਗਾਮੀ ਹਾਲਾਤ ’ਚ ਤਬਦੀਲ ਕਰਨੀ ਪਈ।
ਪ੍ਰਸ਼ਾਸਨ ਨੇ ਵਿਖਾਵਾਕਾਰੀਆਂ ਦੀ ਸ੍ਰੀ ਬਾਜਵਾ ਨਾਲ ਮੀਟਿੰਗ ਕਰਵਾਈ। ਮੋਰਚੇ ਦੇ ਆਗੂਆਂ ਨੇ ਇਸ ਮੀਟਿੰਗ ਨੂੰ ਗ਼ੈਰ-ਤਸੱਲੀਬਖ਼ਸ਼ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਬਾਜਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਬਣਾਈ ਕਮੇਟੀ ਦੇ ਪ੍ਰਮੁੱਖ ਮੈਂਬਰ ਹਨ ਪਰ ਉਹ ਵਫ਼ਦ ਦੀਆਂ ਮੰਗਾਂ ਬਾਰੇ ਕੋਈ ਢੁੱਕਵਾਂ ਹੁੰਘਾਰਾ ਨਹੀਂ ਦੇ ਸਕੇ।