ਰਤਨ ਸਿੰਘ ਢਿੱਲੋਂ
ਅੰਬਾਲਾ, 24 ਜੂਨ
ਅੰਬਾਲਾ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਦੀ ਜਲਬੇੜਾ ਰੋਡ ਤੇ ਸ਼ਾਰਦਾ ਨਗਰ ਵਿਚ ਕੁਝ ਵਿਅਕਤੀ ਡਾਇਨਾਮਿਕ ਬੈਨੇਫਿਸ਼ੀਅਲ ਅਕਾਰਡ ਮਾਰਕੀਟਿੰਗ ਪ੍ਰਾਈਵੇਟ ਲਿਮ. ਦੇ ਨਾਂ ਦੀ ਕੰਪਨੀ ਚਲਾ ਰਹੇ ਹਨ ਅਤੇ ਬਾਹਰ ਆਈਐਫਸੀਸੀ (ਇੰਡੀਪੈਂਡੈਂਟ ਫੈਸ਼ਨ ਕੰਸਲਟੈਂਟ ਸੈਂਟਰ) ਦਾ ਬੋਰਡ ਲਾਇਆ ਹੋਇਆ ਹੈ। ਇਹ ਵਿਅਕਤੀ ਵੱਖ ਵੱਖ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਅਤੇ ਸਮਾਨ ਦੀ ਵਿਕਰੀ ਲਈ ਵੱਧ ਕਮਿਸ਼ਨ ਦਾ ਲਾਲਚ ਦੇ ਕੇ ਬੁਲਾਉਂਦੇ ਹਨ। ਅੱਜ ਵੀ ਕਰੀਬ 125 ਨੌਜਵਾਨ ਮੁੰਡੇ-ਕੁੜੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਨ। ਇਹ ਲੋਕ ਕੋਵਿਡ-19 ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਨਾਲ ਨਾਲ ਨੌਜਵਾਨਾਂ ਦੇ ਭਵਿੱਖ ਨਾਲ ਵੀ ਖਿਲਵਾੜ ਕਰ ਰਹੇ ਹਨ। ਚੌਕੀ ਨੰਬਰ-5 ਦੇ ਰਘਬੀਰ ਸਿੰਘ ਨੇ ਥਾਣਾ ਅੰਬਾਲਾ ਸਿਟੀ ਵਿਚ ਦਾਖਲ ਕਰਾਈ ਰਿਪੋਰਟ ਵਿਚ ਦੱਸਿਆ ਕਿ ਉਸ ਨੇ ਟੀਮ ਨਾਲ ਜਦੋਂ ਛਾਪਾ ਮਾਰਿਆ ਤਾਂ ਮਕਾਨ ਦੀਆਂ ਤਿੰਨਾਂ ਮੰਜ਼ਿਲਾਂ ਤੇ ਕਰੀਬ 100-125 ਬੱਚੇ ਬੈਠੇ ਸਨ। ਜਦੋਂ ਵਿਕਾਸ ਨਾਂ ਦੇ ਵਿਅਕਤੀ ਨੂੰ ਕੋਚਿੰਗ ਸੈਂਟਰ ਚਲਾਉਣ ਲਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਕੋਈ ਆਗਿਆ/ਮਨਜ਼ੂਰੀ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਅਤੇ ਉਸ ਦੇ ਹੋਰ ਸਾਥੀ ਅਜਿਹੀ ਕੋਈ ਆਗਿਆ ਨਾ ਦਿਖਾ ਸਕੇ। ਏਐਸਆਈ ਰਘਬੀਰ ਸਿੰਘ ਦੀ ਇਸ ਰਿਪੋਰਟ ਦੇ ਆਧਾਰ ਤੇ ਪੁਲੀਸ ਨੇ ਵਿਕਾਸ, ਅਖਿਲੇਸ਼, ਕੇਵਲ ਕ੍ਰਿਸ਼ਨ, ਸੰਜੀਵ ਕੁਮਾਰ ਅਤੇ ਗੁਲਸ਼ਨ ਸਿੰਘ 6 ਜਣਿਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।