ਸੰਜੀਵ ਬੱਬੀ
ਚਮਕੌਰ ਸਾਹਿਬ, 24 ਜੂਨ
ਬਿਜਲੀ ਦੀ ਮਾੜੀ ਸਪਲਾਈ ਕਾਰਨ ਇਲਾਕੇ ਦੇ ਕਿਸਾਨਾਂ ਨੇ ਸਰਹਿੰਦ ਨਹਿਰ ਪੁਲ ’ਤੇ ਧਰਨਾ ਲਗਾ ਕੇ ਜਿੱਥੇ ਪਾਵਰਕੌਮ ਵਿਭਾਗ ਵਿਰੁੱਧ ਰੋਸ ਜਤਾਇਆ, ਉੱਥੇ ਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਯੂਥ ਆਗੂ ਲਖਵੀਰ ਸਿੰਘ ਲੱਖੀ ਦੀ ਅਗਵਾਈ ਹੇਠ ਲਾਏ ਧਰਨੇ ਮੌਕੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਅਤੇ ਸਮਾਜਸੇਵੀ ਬਲਦੇਵ ਸਿੰਘ ਹਾਫਿਜ਼ਾਬਾਦ ਨੇ ਕਿਹਾ ਕਿ ਪਾਵਰਕੌਮ ਦੇ ਅਧਿਕਾਰੀ ਇਲਾਕੇ ਵਿੱਚ ਲਗਾਏ ਜਾ ਰਹੇ ਬਿਜਲੀ ਕੱਟਾਂ ਪਿੱਛੇ ਕਾਰਨ ਮੁੱਖ ਦਫਤਰ ਦੀਆਂ ਹਦਾਇਤਾਂ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦਾ ਵਾਅਦਾ ਅਤੇ ਹੁਕਮ ਜਾਰੀ ਕੀਤੇ ਹੋਏ ਹਨ, ਪਰ ਵਿਭਾਗ ਦੇ ਅਧਿਕਾਰੀ ਜਾਣਬੁੱਝ ਕੇ ਬਿਜਲੀ ਦੇ ਕੱਟ ਲਗਾ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਹੁਣ ਰੋਜ਼ਾਨਾ ਬਿਜਲੀ ਦੀ ਸਪਲਾਈ 3 ਘੰਟੇ ਦੇ ਕਰੀਬ ਕਿਸਾਨਾਂ ਨੂੰ ਮਿਲ ਰਹੀ ਹੈ ਜਿਸ ਤੇ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਰੈਗੂਲਰ ਤੇ ਵਾਅਦੇ ਅਨੁਸਾਰ ਨਾ ਮਿਲਣ ਕਾਰਨ ਉਹ ਝੋਨਾ ਲਗਾਉਣ ਵਿੱਚ ਔਖਿਆਈ ਮਹਿਸੂਸ ਕਰ ਰਹੇ ਹਨ।
ਧਰਨੇ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਵਿਭਾਗ ਦੇ ਐਸ.ਡੀ.ਓ ਅਤੇ ਐਸ.ਡੀ.ਐਮ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਵਾਅਦੇ ਅਨੁਸਾਰ 8 ਘੰਟੇ ਹੀ ਦਿੱਤੀ ਜਾਵੇਗੀ, ਜਿਸ ਤੇ ਕਿਸਾਨਾਂ ਨੇ 3 ਘੰਟੇ ਦੇ ਮਗਰੋਂ ਧਰਨਾ ਸਮਾਪਤ ਕੀਤਾ।