ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਜੂਨ
ਇੱਥੇ ਨਾਰਥ ਅਸਟੇਟ ਵਿੱਚ ਮਾਣਕ ਚੰਦ ਕਾਂਸਲ ਦੀ ਘਰੇਲੂ ਰਸੋਈ ’ਚ ਅੱਜ ਸਵੇਰੇ ਧਮਾਕਾ ਹੋਣ ਨਾਲ ਰਸੋਈ ਵਿਚਲੇ ਸਾਜ਼ੋ-ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ ਜਦ ਕਿ ਰਸੋਈ ਵਿੱਚ ਕਿਸੇ ਵਿਅਕਤੀ ਦੇ ਨਾ ਹੋਣ ਸਦਕਾ ਵੱਡੇ ਨੁਕਸਾਨ ਤੋਂ ਬਚਾਅ ਰਿਹਾ।
ਮਾਣਕ ਚੰਦ ਅਨੁਸਾਰ ਅੱਜ ਸਵੇਰੇ ਉਸ ਦੀ ਨੂੰਹ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਇਸ ਦੌਰਾਨ ਉਹ ਬੱਚੇ ਨੂੰ ਰੋਟੀ ਦੇਣ ਅੰਦਰ ਕਮਰੇ ਵਿੱਚ ਚਲੀ ਗਈ। ਬਾਅਦ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਰਸੋਈ ਦੀ ਚਿਮਨੀ, ਚੁੱਲ੍ਹੇ ਸਮੇਤ ਛੱਤ ’ਤੇ ਲੱਗੇ ਪੱਖੇ ਸਮੇਤ ਕਾਫ਼ੀ ਚੀਜ਼ਾਂ ਨੁਕਸਾਨੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ 21 ਜੂਨ ਨੂੰ ਰਸੋਈ ਵਿੱਚ ਗੁਜਰਾਤ ਦੀ ਇਕ ਗੈਸ ਕੰਪਨੀ ਕੋਲੋਂ ਪਾਈਪ ਲਾਈਨ ਵਾਲੀ ਗੈਸ ਦਾ ਕੁਨੈਕਸ਼ਨ ਲੁਆਇਆ ਗਿਆ ਸੀ ਅਤੇ ਇਹ ਹਾਦਸਾ ਗੈਸ ਰਿਸਣ ਕਾਰਨ ਹੋਇਆ। ਉਧਰ ਮੌਕੇ ’ਤੇ ਪਹੁੰਚੇ ਗੈਸ ਕੰਪਨੀ ਦੇ ਕਰਮਚਾਰੀਆਂ ਨੇ ਦਾਅਵਾ ਕੀਤਾ ਕਿ ਗੈਸ ਲਾਈਨ ’ਚ ਕੋਈ ਨੁਕਸ ਨਹੀਂ ਸੀ ਸਗੋਂ ਪ੍ਰੈਸ਼ਰ ਕੁੱਕਰ ਫਟਣ ਕਰਕੇ ਇਹ ਸਭ ਹੋਇਆ ਹੈ।