ਮਨੋਜ ਸ਼ਰਮਾ
ਬਠਿੰਡਾ, 25 ਜੂਨ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਜਾਰੀ ਕੀਤੀ ਗਈ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਜਾਰੀ ਹੈ। ਅੱਜ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਪੀਸੀਐਮਐਸਏ ਐਸੋੋਸੀਏਸ਼ਨ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਖਿਲਾਫ਼ ਹੜਤਾਲ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਹਸਪਤਾਲ ਦੀਆਂ ਓ.ਪੀ.ਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਜਿਸ ਕਾਰਨ ਮਰੀਜ਼ ਪ੍ਰੇਸ਼ਾਨ ਹੁੰਦੇ ਰਹੇ।
ਪਿੰਡ ਸੇਖੂ ਤੋਂ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਡੋਪ ਟੈਸਟ ਕਰਵਾਉਣਾ ਸੀ ਪਰ ਹੜਤਾਲ ਕਾਰਨ ਉਸ ਦਾ ਡੋਪ ਟੈਸਟ ਨਹੀਂ ਹੋ ਸਕਿਆ। ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਨਛੱਤਰ ਸਿੰਘ ਨੇ ਕਿਹਾ ਕਿ ਉਹ 30 ਕਿਲੋਮੀਟਰ ਚੱਲ ਕੇ ਬਠਿੰਡਾ ਹਸਪਤਾਲ ਵਿੱਚ ਆਪਣੇ ਚੈਕਅੱਪ ਲਈ ਪੁੱਜਿਆ ਸੀ ਪਰ ਡਾਕਟਰਾਂ ਦੀ ਹੜਤਾਲ ਕਾਰਨ ਉੁਸ ਨੂੰ ਵਾਪਸ ਮੁੜਨਾ ਪਿਆ। ਅੱਜ ਸਿਹਤ ਵਿਭਾਗ ਅੰਦਰ ਕੰਮ ਕਰਦੇ ਆਯੁਰਵੈਦਿਕ ਅਤੇ ਹੋਮੋਪੈਥਿਕ ਵਿੰਗ ਦੇ ਡਾਕਟਰਾਂ ਵੀ ਹੜਤਾਲ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਐਮਰਜੈਂਸੀ ਸਵੇਵਾ ਨੂੰ ਠੱਪ ਕੀਤਾ ਜਾਵੇਗਾ। ਪੀਸੀਐਮਐਸਏ ਐਸੋੋਸੀਏਸ਼ਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਐਨ.ਪੀ.ਏ ਬਹਾਲ ਕੀਤਾ ਜਾਵੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਸਰਕਾਰ ਵੱਲੋਂ ਐਲਾਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਸਮੁੱਚੇ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ’ਚ ਰੋਸ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਤਨਖਾਹਾਂ ਦੀ ਕਟੌਤੀ ਹੋਵੇਗੀ। ਆਪਣਾ ਰੋਸ, ਸਰਕਾਰ ਤੱਕ ਪਹੁੰਚਾਉਣ ਲਈ ਸਰਕਾਰੀ ਹਸਪਤਾਲਾਂ ਦੀਆਂ ਜਨਰਲ ਓ. ਪੀ. ਡੀ. ਬੰਦ ਰੱਖੀਆਂ ਗਈਆਂ।
ਸਿਵਲ ਹਸਪਤਾਲ ਵਿੱਚ ਮੁਜ਼ਾਹਰੇ ਦੌਰਾਨ ‘ਸੰਯੁਕਤ ਗੌਰਮਿੰਟ ਡਾਕਟਰ ਕੋਆਰਡੀਨੇਟ ਕਮੇਟੀ’ ਦੇ ਪ੍ਰਧਾਨ ਡਾ. ਗੁਰਦਿੱਤ ਸਿੰਘ, ਡਾ. ਕੇਵਲ ਸਿੰਘ, ਡਾ. ਅਮਰਿੰਦਰ ਸਿੰਘ, ਦਿਲਬਾਗ ਸਿੰਘ, ਪੁਨੀਤ ਜੋਸ਼ੀ, ਮਨੀਸ਼ ਗੋਇਲ, ਅਨੁਭਵ ਖੱਟਰ, ਅਰਪਨਦੀਪ ਸਿੰਘ ਬਰਾੜ, ਸਤੀਸ਼ ਗੋਇਲ, ਵੰਦਨਾ ਬਾਂਸਲ, ਬਲਜੀਤ ਕੌਰ, ਆਲਮਜੀਤ ਸਿੰਘ, ਗੁਰਵੀਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਛੇਵੇਂ ਵਿੱਤ ਕਮਿਸ਼ਨ ਰਾਹੀਂ ਸਰਕਾਰ ਨੇ ਡਾਕਟਰਾਂ ਦੇ ‘ਨਾਨ ਪ੍ਰੈਕਟਿਸ ਅਲਾਊਂਸ’ ਭੱਤੇ ਨੂੰ ਘਟਾ ਕੇ ਅਤੇ ਡੀ. ਲਿੰਕ ਕਰਕੇ ਡਾਕਟਰਾਂ ਦਾ ਮਨੋਬਲ ਡੇਗਣ ਵਾਲਾ ਕੰਮ ਕੀਤਾ ਹੈ ਜਿਸ ਕਰਕੇ ਡਾਕਟਰ ਆਪਣੇ ਹੱਕਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹਿਣਗੇ। ਇਸ ਦੌਰਾਨ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਐਮਰਜੈਂਸੀ ਮਰੀਜ਼ਾਂ ਲਈ ਇਲਾਜ ਦਾ ਪ੍ਰਬੰਧ ਕੀਤਾ ਗਿਆ ਸੀ ਜਦੋਂ ਕਿ ਜਨਰਲ ਓਪੀਡੀ ਬੰਦ ਸੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ਦੇ ਸਰਕਾਰੀ ਡਾਕਟਰਾਂ ਦੀ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਡੀਨੇਸ਼ਨ ਕਮੇਟੀ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਓਪੀਡੀ ਸਿਹਤ ਸੇਵਾਵਾਂ ਠੱਪ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਗਰਮੀ ਦੇ ਮੌਸਮ ਵਿੱਚ ਮਰੀਜ਼ ਹਾਲੋ- ਬੇਹਾਲ ਹੋ ਰਹੇ ਹਨ।
ਇੱਥੇ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਆਗੂ ਅਤੇ ਪੀਸੀਐੱਮਐੱਸ ਐਸੋਸੀਏਸ਼ਨ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸਿੰਘ ਸ਼ੇਰਗਿੱਲ ਅਤੇ ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਰਕਾਰੀ ਡਾਕਟਰਾਂ ਨੂੰ ਦਿੱਤੇ ਜਾਂਦੇ ਐੱਨਪੀਏ ਨੂੰ ਘਟਾਉਣ ਅਤੇ ਇਸ ਨੂੰ ਮੁੱਢਲੀ ਤਨਖਾਹ ਨਾਲੋਂ ਵੀ ਡੀ-ਲਿੰਕ ਕਰ ਦੇਣ ਨਾਲ ਰਾਜ ਦੇ ਸਮੂਹ ਸਰਕਾਰੀ ਡਾਕਟਰਾਂ ਵਿਚ ਭਾਰੀ ਰੋਸ ਹੈ। ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ ਨੇ ਕਿਹਾ ਕਿ ਸਰਕਾਰ ਨੇ ਪੇਅ ਕਮਿਸ਼ਨ ਦੀ ਆੜ ਵਿੱਚ ਉਨ੍ਹਾਂ ਨੇ ਐੱਨਪੀਏ ਦੀ ਕਟੌਤੀ ਕਰਕੇ ਬੇਇਨਸਫ਼ੀ ਕੀਤੀ ਹੈ।
ਇਸ ਮੌਕੇ ਡਾਕਟਰਾਂ ਨੇ ਰਾਜ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਡਾਕਟਰਾਂ ਨੇ ਪੰਜਾਬ ਸਰਕਾਰ ਦੀ ਪੇਅ ਕਮਿਸ਼ਨ ਰਿਪੋਰਟ ਦਾ ਵਿਰੋਧ ਕੀਤਾ ਅਤੇ ਐਨਪੀ.ਏ ਬਹਾਲ ਕਰਨ ਦੀ ਮੰਗ ਕੀਤੀ। ਹੜਤਾਲ ਦੌਰਾਨ ਪੰਜਾਬ ਭਰ ਦੇ ਸਮੂਹ ਛੋਟੇ, ਵੱਡੇ ਸਮੂਹ ਹਸਪਤਾਲਾਂ ਸਮੇਤ ਡਿਸਪੈਂਸਰੀਆਂ ਵਿੱਚ ਓਪੀਡੀ ਅਤੇ ਅਪਰੇਸ਼ਨ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਰਹਿਣ ਨਾਲ ਮਰੀਜ ਖੱਜਲ ਖ਼ੁਆਰ ਹੋ ਰਹੇ ਹਨ।