ਪੱਤਰ ਪ੍ਰੇਰਕ
ਬਠਿੰਡਾ, 25 ਜੂਨ
ਪੰਜਾਬ ਸਰਕਾਰ ਵੱਲੋਂ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼਼ ਸਿਹਤ ਵਿਭਾਗ ਦੇ ਡਾਕਟਰਾਂ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਮੈਦਾਨ ਵਿਚ ਨਿੱਤਰ ਆਏ ਹਨ। ਅੱਜ ਪੰਜਾਬ ਸਟੇਟ ਐਨੀਮਲ ਹਸਬੈਂਡਰੀ ਅਫ਼ਸਰਜ਼ ਵੈਲਫੇਅਰ ਐਸੋਸ਼ੀਏਸਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਪੇਅ ਕਮਿਸ਼ਨ ਦੀ ਰਿਪੋਰਟ ਨੇ ਨਿਰਾਸ਼ਾ ਪੱਲੇ ਪਾਈ ਹੈ। ਇਸ ਮੌਕੇ ਸੂਬਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਐੱਨਪੀਏ 25 ਫ਼ੀਸਦ ਕੀਤਾ ਜਾਵੇ ਅਤੇ ਮੈਡੀਕਲ ਡਾਕਟਰਾਂ ਦੇ ਬਰਾਬਰ ਪੇਅ ਪੈਰਟੀ ਤਰੁੰਤ ਬਹਾਲ ਕੀਤੀ ਜਾਵੇ।
ਦੋਦਾ (ਪੱਤਰ ਪ੍ਰੇਰਕ): ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਪੰਜਾਬ ਦੀ ਇਕਾਈ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਚਮਕੌਰ ਸਿੰਘ ਬੁੱਟਰ ਅਤੇ ਚੀਫ ਪੈਟਰਨ ਸ਼ੁਰੇਸ਼ ਕੁਮਾਰ ਗੋਇਲ ਦੀ ਅਗਵਾਈ ਹੇਠ ਦੋਦਾ ਵਿੱਚ ਸੀਐੱਚਸੀ ਵਿੱਚ ਹੋਈ। ਜਿਸ ਵਿਚ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਦੀ ਤਨਖਾਹ ਵਿਚ ਵਾਧਾ ਦੇਣ ਦੀ ਥਾਂ 2.25 ਅਤੇ 2.59 ਵਿਚ ਉਲਝਾਅ ਕੇ ਰੱਖ ਦਿੱਤਾ ਹੈ। ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਪਿਛਲੇ 5 ਸਾਲਾਂ ਤੋਂ ਡੀਏ ਦਾ ਬਕਾਇਆ ਬੰਦ ਕਰਕੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਰਹੀ ਹੈ। ਸਮੂਹ ਹਾਜ਼ਰ ਆਗੂ ਮੁਲਾਜ਼ਮਾਂ ਨੇ ਨਾਲ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਜਥੇਬਦੀ ਸ਼ੰਘਰਸ਼ ਦਾ ਰਾਹ ਫੜੇਗੀ।