ਜੇਬੀ ਸੇਖੋਂ
ਗੜ੍ਹਸ਼ੰਕਰ, 25 ਜੂਨ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਥਾਨਕ ਸ਼ਹਿਰ ਦੇ ਜੀਓ ਸੈਂਟਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਭੱਜਲ ਦੀ ਅਗਵਾਈ ਹੇਠ ਚੱਲ ਰਹੇ ਧਰਨੇ ਮੌਕੇ ਅੱਜ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਜਿੱਥੇ ਲੋਕਾਂ ਦੇ ਕੰਮ ਧੰਦੇ ਚੌਪਟ ਹੋ ਗਏ ਹਨ ਉੱਥੇ ਹੀ ਕੇਂਦਰ ਸਰਕਾਰ ਇਕ ਪਾਸੇ ਲੋਕ ਮਾਰੂ ਕਾਨੂੰਨ ਪਾਸ ਕਰ ਰਹੀ ਹੈ ਦੂਜੇ ਪਾਸੇ ਤੇਲ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਰਹੀ ਹੈ। ਅੱਜ ਦੇ ਧਰਨੇ ਦੀ ਪ੍ਰਧਾਨਗੀ ਐਡਵੋਕੇਟ ਹਰਮੇਸ਼ ਆਜ਼ਾਦ ਨੇ ਕੀਤੀ ਅਤੇ ਇਸ ਅੰਦੋਲਨ ਨੂੰ ਦੇਸ਼ ਦੇ ਇਤਿਹਾਸ ਦਾ ਸ਼ਾਨਦਾਰ ਅੰਦੋਲਨ ਦੱਸਿਆ। ਇਸ ਮੌਕੇ ਕਾਮਰੇਡ ਮੱਟੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਵੱਖ ਵੱਖ ਸੂਬਿਆਂ ਦੇ ਰਾਜਪਾਲਾਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਦਿੱਤੇ ਜਾਣਗੇ ਤੇ ਇਸ ਸਬੰਧੀ ਗੜ੍ਹਸ਼ੰਕਰ ਤੋਂ ਚੰਡੀਗੜ੍ਹ ਜਾਣ ਲਈ ਕਿਸਾਨਾਂ ਦੇ ਜਥੇ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਮੁਲਾਜ਼ਮ ਆਗੂ ਸ਼ਿੰਗਾਰਾ ਰਾਮ ਭੱਜਲ, ਚੌਧਰੀ ਅੱਛਰ ਬਿਲੜੋਂ,ਕਰਨੈਲ ਸਿੰਘ, ਮਾਸਟਰ ਬਲਵੰਤ ਰਾਮ ਨੇ ਵੀ ਸੰਬੋਧਨ ਕੀਤਾ।