ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 25 ਜੂਨ
ਝੋਨੇ ਦੀ ਫਸਲ ਲਈ ਮੋਟਰਾਂ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਕਰਕੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਦੁਖੀ ਹੋ ਕੇ ਅੱਜ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਵਿਭਾਗ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਜੀਤ ਸਿੰਘ ਸਮਾਘ ਅਤੇ ਮਨਜੀਤ ਸਿੰਘ ਚੁੱਘੇ ਕਲਾਂ ਨੇ ਦੱਸਿਆ ਕਿ ਮਾੜੀ ਿਬਜਲੀ ਸਪਲਾਈ ਕਾਰਨ ਪਿੰਡ ਸਮਾਘ, ਸਰਦਾਰਗੜ੍ਹ,ਚੁੱਘੇ ਕਲਾਂ, ਝੁੰਬਾ, ਘੁੱਦਾ ਅਤੇ ਭਲਾਈਆਣਾ ਦੇ ਕਿਸਾਨਾਂ ਵੱਲੋਂ ਅੱਜ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਅੱਗੇ ਧਰਨਾ ਲਗਾਇਆ। ਉਨ੍ਹਾਂ ਕਿਹਾ ਕਿ ਜੇ ਸੁਣਵਾਈ ਨਾ ਹੋਈ ਤਾਂ ਉਹ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਸੰਬਧੀ ਜਦ ਬਿਜਲੀ ਬੋਰਡ ਦੇ ਐਕਸੀਅਨ ਨੇ ਕਿਹਾ ਕਿ ਓਹ ਮੌਕੇ ’ਤੇ ਐੱਸਡੀਓ ਨੂੰ ਭੇਜਣਗੇ ਅਤੇ ਜਲਦ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੇ ਨਹਿਰਾਂ ’ਚ ਪਾਣੀ ਸਪਲਾਈ ਬੰਦ ਹੋਣ ਕਾਰਨ ਤੇ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਰਜਿੰਦਰ ਕੰਬੋਜ, ਪਰਮਜੀਤ ਸਿੰਘ ਮੋਕਲ, ਗਗਨਦੀਪ ਕਾਲੜਾ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰਦੀ ਹੈ ਪਰ ਵਰਤਮਾਨ ਸਮੇਂ ਅੰਦਰ ਖੇਤਾਂ ਵਿੱਚ ਸਿਰਫ 4 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤਾਂ ਵਿੱਚ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਨਾਲ ਹੀ ਨਹਿਰਾਂ ਵਿੰਚ ਸਾਫ ਪਾਣੀ ਛੱਡਿਆ ਜਾਵੇ।
ਕਿਸਾਨਾਂ ਵੱਲੋਂ ਬਿਜਲੀ ਗਰਿੱਡ ਅੱਗੇ ਧਰਨਾ
ਨਥਾਣਾ (ਭਗਵਾਨ ਦਾਸ ਗਰਗ): ਝੋਨੇ ਦੀ ਲਵਾਈ ਮੌਕੇ ਖੇਤੀ ਸੈਕਟਰ ਵਾਸਤੇ ਬਿਜਲੀ ਸਪਲਾਈ ਦੇ ਨਿਕੰਮੇ ਪ੍ਰਬੰਧ ਖਿਲਾਫ਼ ਕਿਸਾਨਾਂ ਨੇ ਬਿਜਲੀ ਘਰਾਂ ਅੱਗੇ ਧਰਨੇ ਦੇ ਕੇ ਸੰਘਰਸ਼ ਦਾ ਐਲਾਨ ਕੀਤਾ ਹੈ। ਅੱਜ ਨਥਾਣਾ, ਕਲਿਆਣ ਸੁੱਖਾ, ਗੰਗਾ ਅਤੇ ਗੋਬਿੰਦਪੁਰਾ ਦੇ ਬਿਜਲੀ ਘਰਾਂ ਅੱਗੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਮੌਕੇ ਖੇਤੀ ਖੇਤਰ ਲਈ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਜਿਹਾ ਨਾ ਹੋਣ ਸੂਰਤ ਵਿੱਚ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।