ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੂਨ
ਪੰਜਾਬ ਭਰ ਦੇ ਸਰਕਾਰੀ ਡਾਕਟਰ ਹਾਲ ਹੀ ਵਿੱਚ ਜਾਰੀ ਹੋਈ ਪੇਅ ਕਮਿਸ਼ਨ ਦੀ ਰਿਪੋਰਟ ਤੋਂ ਖਫ਼ਾ ਹਨ ਜਿਸ ਕਾਰਨ ਉਹ ਅੱਜ ਹੜਤਾਲ ’ਤੇ ਰਹੇ। ਇਸ ਦੌਰਾਨ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਵੀ ਮੈਡੀਕਲ ਸੇਵਾਵਾਂ ਬੰਦ ਰੱਖੀਆਂ ਗਈਆਂ। ਹੜਤਾਲ ਕਾਰਨ ਓਪੀਡੀ ਅਤੇ ਆਪਰੇਸ਼ਨ ਥੀਏਟਰ ਵਿਚਲੀਆਂ ਸੇਵਾਵਾਂ ਵੀ ਠੱਪ ਰਹੀਆਂ। ਅਜਿਹੀ ਸੂਰਤ ਵਿੱਚ ਪੰਜਾਬ ਭਰ ਵਿਚ ਸਰਕਾਰੀ ਹਸਪਤਾਲਾਂ ਵਿੱਚ ਪਹੁੰਚੇ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਪੰਜਾਬ ਸਟੇਟ ਮੈਡੀਕਲ ਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡੀ.ਐਸ.ਭੁੱਲਰ ਨੇ ਦੱਸਿਆ ਕਿ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੌਰਾਨ ਡਾਕਟਰਾਂ ਦਾ ਐੱਨਪੀਏ ਘਟਾ ਦਿੱੱਤਾ ਗਿਆ ਹੈ। ਡਾਕਟਰਾਂ ਦੀ ਮੰਗ ਹੈ ਕਿ ਇਸ ਨੂੰ ਮੁੜ ਪੱਚੀ ਫ਼ੀਸਦੀ ਕੀਤਾ ਜਾਵੇ ਤੇ ਇਸ ਨੂੰ ਪਹਿਲਾਂ ਦੀ ਤਰ੍ਹਾਂ ਤਨਖ਼ਾਹ ਦਾ ਹਿੱਸਾ ਵੀ ਮੰਨਿਆ ਜਾਵੇ। ਉਨ੍ਹਾਂ ਨੇ ਪੈਨਸ਼ਨ ਮੁਕੱਰਰ ਕਰਨ ਮੌਕੇ ਪਹਿਲਾਂ ਵਾਲੇ ਹੀ ਮਾਪਦੰਡ ਅਖ਼ਤਿਆਰ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਡਾ. ਭੁੱਲਰ ਨੇ ਕਈ ਹੋਰ ਮੰਗਾਂ ਵੀ ਗਿਣਾਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਈ ਤਾਂ ਡਾਕਟਰ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਦੌਰਾਨ ਹੀ ਇਨ੍ਹਾਂ ਹੜਤਾਲੀ ਡਾਕਟਰਾਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ, ਉਧਰ ਇਨ੍ਹਾਂ ਡਾਕਟਰਾਂ ਦੀ ਹਮਾਇਤ ਵਿਚ ਆਈਐਮਏ ਪੰਜਾਬ ਨਾਲ ਸਬੰਧਿਤ ਨੁਮਾਇੰਦਿਆਂ ਨੇ ਵੀ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਰੱਖੇ ਜਦੋਂਕਿ ਆਈਐਮਏ ਦੀ ਪਟਿਆਲਾ ਇਕਾਈ ਨੇ ਦੋ ਘੰਟੇ ਕੰਮ ਠੱਪ ਰੱਖਿਆ।