ਪੀਪੀ ਵਰਮਾ
ਪੰਚਕੂਲਾ, 26 ਜੂਨ
ਹਜ਼ਾਰਾਂ ਕਿਸਾਨ ਅੱਜ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਚਕੂਲਾ ਦੇ ਨਾਢਾ ਸਾਹਿਬ ਵਿਖੇ ਪਹੁੰਚੇ, ਜਿਥੇ ਸਭ ਤੋਂ ਪਹਿਲਾਂ ਹਰਿਆਣਾ ਪੁਲੀਸ ਦੇ ਬੈਰੀਕੇਡ ਤੋੜੇ ਅਤੇ ਅੱਗੇ ਵੱਧ ਗਏ। ਇਨ੍ਹਾਂ ਵਿੱਚ ਬੱਚੇ, ਬੁੱਢੇ, ਨੌਜਵਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਅਰੇ ਹੇਠ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਅਤੇ ਕਿਸਾਨ ਨੇਤਾ ਯੋਗਿੰਦਰ ਯਾਦਵ ਨੇ ਕੀਤੀ। ਕਿਸਾਨਾਂ ਨੇ ਸਭ ਤੋਂ ਪਹਿਲਾਂ ਮਾਜਰੀ ਚੌਕ ’ਤੇ ਬੈਰੀਕੇਡ ਤੋੜਿਆ ਅਤੇ ਫਿਰ ਟੈਂਕ ਚੌਕ ਸੈਕਟਰ-2 ਦਾ ਬੈਰੀਕੇਡ ਤੋੜਿਆ, ਫੇਰ ਸ਼ਕਤੀ ਭਵਨ ਚੌਕ, ਸੈਕਟਰ-17/18 ਦਾ ਬੈਰੀਕੇਡ ਤੋੜ ਕੇ ਅੱਗੇ ਵਧੇ ਅਤੇ ਚੰਡੀਗੜ੍ਹ ਪਹੁੰਚ ਗਏ। ਚੰਡੀਗੜ੍ਹ ਪੁਲੀਸ ਅਤੇ ਹਰਿਆਣਾ ਪੁਲੀਸ ਨੇ ਵੱਡੇ ਵੱਡੇ ਬੈਰੀਕੇਡ ਲਗਏ ਗਏ ਸਨ ਜਿਥੇ ਇਨ੍ਹਾਂ ਰਾਜਪਾਲ ਦੇ ਨਾਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਅਤੇ ਯਾਦ ਪੱਤਰ ਸੌਂਪਿਆ। ਇਸ ਮੌਕੇ ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਅਤੇ ਯੋਗਿੰਦਰ ਯਾਦਵ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਪੰਚਕੂਲਾ ਪੁਲੀਸ ਨੇ ਹਰਿਆਣਾ ਦੇ ਕਿਸਾਨਾਂ ਨੂੰ ਪੰਚਕੂਲਾ ਵਿੱਚ ਰੋਕਣ ਲਈ 13 ਕੰਪਨੀਆਂ ਲਗਾਈਆਂ ਸਨ ਅਤੇ 1870 ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਸਨ। ਪੰਚਕੂਲਾ ਨਾਲ ਲਗਦੀਆਂ ਸਾਰੀਆਂ ਸੀਮਾਵਾਂ ਤੇ ਪੁਲੀਸ ਨੇ ਭਾਰੀ ਨਾਕਾਬੰਦੀ ਕੀਤੀ ਹੋਈ ਸੀ। ਇਹ ਨਾਕੇ ਯਮੁਨਾਨਗਰ ਤੋਂ ਪੰਚਕੂਲਾ ਨੈਸ਼ਨਲ ਹਾਈਵੇ-7, ਜ਼ੀਰਕਪੁਰ ਸ਼ਿਮਲਾ ਹਾਈਵੇ-5 ਤੋਂ ਇਲਾਵਾ ਪੰਚਕੂਲਾ ਦੇ ਵੱਖ ਵੱਖ ਚੌਕਾਂ ’ਤੇ ਲਗਾਏ ਗਏ ਸਨ। ਨਾਢਾ ਸਾਹਿਬ ’ਚ ਜਦੋਂ ਕਿਸਾਨ ਇਕੱਠੇ ਹੋਏ ਤਾਂ ਇਸ ਪ੍ਰਦਰਸ਼ਨ ਦੀ ਅਗਵਾਈ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਕਿਸਾਨ ਗੁਰਨਾਮ ਸਿੰਘ ਚਡੂਨੀ ਨੇ ਨਾਢਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ। ਇੱਥੇ ਗੁਰਨਾਮ ਸਿੰਘ ਚਡੂਨੀ ਨੂੰ ਨਾਢਾ ਸਾਹਿਬ ਗੁਰਦੁਆਰਾ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ।