ਕੇ.ਪੀ ਸਿੰਘ
ਗੁਰਦਾਸਪੁਰ, 25 ਜੂਨ
ਜ਼ਿਲ੍ਹੇ ਦੇ ਕਸਬਾ ਬਹਿਰਾਮਪੁਰ ਵਿੱਚ ਇੱਕ ਬੀਏਐੱਮਐੱਸ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਮਗਰੋਂ ਬੋਰੀ ਵਿੱਚ ਬੰਦ ਕੀਤੀ ਗਈ ਉਸ ਦੀ ਲਾਸ਼ ਕਸਬੇ ਵਿਚਲੀ ਇੱਕ ਦੁਕਾਨ ਵਿੱਚੋਂ ਮਿਲੀ ਹੈ। ਮਾਮਲਾ ਉਧਾਰ ਦਿੱਤੇ ਪੈਸਿਆਂ ਦੀ ਵਸੂਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਦੁਕਾਨ ਮਾਲਕ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਡਾ ਮੋਹਿਤ ਨੰਦਾ (39) ਦੀ ਪਤਨੀ ਪੂਨਮ ਨੰਦਾ ਨੇ ਦੱਸਿਆ ਕਿ ਉਸ ਦਾ ਪਤੀ ਬੀਏਐੱਮਐੱਸ ਡਾਕਟਰ ਸੀ ਅਤੇ ਬਹਿਰਾਮਪੁਰ ਵਿੱਚ ਕਲੀਨਿਕ ਚਲਾਉਣ ਦੇ ਨਾਲ ਮਾਰਕਿਟ ਵਿੱਚ ਲੋਕਾਂ ਨੂੰ ਪੈਸੇ ਵੀ ਉਧਾਰ ਦਿੰਦਾ ਸੀ। ਮੋਹਿਤ ਕੋਲੋਂ ਲੱਕੀ ਬੂਟ ਸ਼ਾਪ ਦੇ ਮਾਲਕ ਲਖਵਿੰਦਰ ਪਾਲ ਉਰਫ਼ ਲੱਕੀ ਪੁੱਤਰ ਜੋਗਿੰਦਰ ਪਾਲ ਵਾਸੀ ਬਹਿਰਾਮਪੁਰ ਨੇ ਪੈਸੇ ਉਧਾਰ ਲੈ ਰੱਖੇ ਸਨ ਜਿਸ ਦੀ ਉਹ ਰੋਜ਼ਾਨਾ ਪੰਜ ਸੌ ਰੁਪਏ ਕਿਸ਼ਤ ਦਿੰਦਾ ਸੀ।
ਪੂਨਮ ਅਨੁਸਾਰ ਮੋਹਿਤ ਨੇ ਫੋਨ ’ਤੇ ਦੱਸਿਆ ; ਕਿ ਉਹ ਲੱਕੀ ਦੀ ਦੁਕਾਨ ਤੇ ਪੈਸਿਆਂ ਦੀ ਕਿਸ਼ਤ ਲੈਣ ਆਇਆ ਹੈ। ਕਰੀਬ ਸਾਢੇ 9 ਵਜੇ ਉਸ ਨੇ ਮੋਹਿਤ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬੰਦ ਸੀ। ਸੱਸ- ਸਹੁਰਾ ਹੈਦਰਾਬਾਦ ਗਏ ਹੋਣ ਕਾਰਨ ਉਹ ਆਪਣੇ ਚਾਚਾ ਸਹੁਰਾ ਯੁਵਰਾਜ ਨੰਦਾ ਨਾਲ ਪਤੀ ਦੇ ਕਲੀਨਿਕ ਪਹੁੰਚੇ ਜੋ ਖੁੱਲ੍ਹਾ ਸੀ ਪਰ ਮੋਹਿਤ ਉੱਥੇ ਨਹੀਂ ਸੀ। ਸਵੇਰੇ ਸਾਢੇ ਤਿੰਨ ਵਜੇ ਉਨ੍ਹਾਂ ਦੇਖਿਆ ਕਿ ਲੱਕੀ ਦੀ ਦੁਕਾਨ ਅੰਦਰ ਲਾਈਟ ਜਗ ਰਹੀ ਸੀ ਅਤੇ ਸ਼ਟਰ ਨੂੰ ਤਾਲਾ ਨਹੀਂ ਲੱਗਿਆ ਸੀ। ਉਨ੍ਹਾਂ ਸ਼ੱਕ ਪੈਣ ’ਤੇ ਸ਼ਟਰ ਚੁੱਕ ਕੇ ਅੰਦਰ ਵੇਖਿਆ ਤਾਂ ਪਲਾਸਟਿਕ ਦੀ ਬੋਰੀ ਵਿੱਚ ਇੱਕ ਵਿਅਕਤੀ ਦੀ ਲਾਸ਼ ਬੰਨ੍ਹੀ ਹੋਈ ਸੀ ਅਤੇ ਫ਼ਰਸ਼ ’ਤੇ ਕਾਫ਼ੀ ਖ਼ੂਨ ਡੁੱਲ੍ਹਿਆ ਸੀ।ਬੋਰੀ ਖੋਲ੍ਹਣ ’ਤੇ ਪਤਾ ਚੱਲਿਆ ਕਿ ਲਾਸ਼ ਡਾ. ਮੋਹਿਤ ਨੰਦਾ ਦੀ ਸੀ।ਪੁਲੀਸ ਸਟੇਸ਼ਨ ਨੇ ਲਖਵਿੰਦਰ ਪਾਲ ਉਰਫ਼ ਲੱਕੀ ਅਤੇ ਅਮਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।