ਜਸਵਿੰਦਰ ਸਿੰਘ ਰੁਪਾਲ
ਪਿਤਾ ਅਤੇ ਧੀ ਦਾ ਰਿਸ਼ਤਾ ਬੜਾ ਪਿਆਰਾ ਅਤੇ ਪਵਿੱਤਰ ਹੈ। ਹਰ ਬੇਟੀ ਆਪਣੇ ਬਾਬਲ ਦੇ ਘਰ ਹੱਸਦੀ ਖੇਡਦੀ ਵੱਡੀ ਹੁੰਦੀ ਹੈ। ਉਸ ਨੂੰ ਇੱਥੋਂ ਰੱਜਵਾਂ ਪਿਆਰ, ਲਾਡ ਅਤੇ ਸਤਿਕਾਰ ਮਿਲਦਾ ਹੈ। ਭਾਵਨਾਤਮਕ ਤੌਰ ’ਤੇ ਧੀਆਂ, ਪੁੱਤਾਂ ਦੇ ਮੁਕਾਬਲੇ ਆਪਣੇ ਪਿਤਾ ਦੇ ਜ਼ਿਆਦਾ ਕਰੀਬ ਹੁੰਦੀਆਂ ਹਨ। ਇਸ ਦਾ ਇਕ ਕਾਰਨ ਤਾਂ ਔਰਤ ਦੇ ਸੁਭਾਅ ਵਿਚ ਕੁਦਰਤੀ ਤਰਲਤਾ ਅਤੇ ਨਾਜ਼ੁਕਤਾ ਹੁੰਦੀ ਹੈ ਜਿਸ ਕਾਰਨ ਉਹ ਹਰ ਦੂਜੇ ਦੀਆਂ ਭਾਵਨਾਵਾਂ ਨੂੰ ਮਰਦ ਤੋਂ ਵਧੇਰੇ ਚੰਗੀ ਤਰ੍ਹਾਂ ਸਮਝਦੀ ਹੈ। ਦੂਜਾ ਮਨੋਵਿਗਿਆਨਕ ਪੱਖ ਤੋਂ ਇਸ ਵਿਚ ਵਿਰੋਧੀ-ਲਿੰਗ ਵਾਲੀ ਖਿੱਚ ਵੀ ਰਲੀ ਹੁੰਦੀ ਹੈ, ਜਿਸ ਅਧੀਨ ਪੁੱਤਰ ਦਾ ਪਿਆਰ ਆਪਣੀ ਮਾਂ ਨਾਲ ਵੱਧ ਹੁੰਦਾ ਹੈ ਅਤੇ ਧੀ ਦਾ ਆਪਣੇ ਪਿਓ ਨਾਲ ਵੱਧ ਹੁੰਦਾ ਹੈ।
ਭਾਵੇਂ ਇਕ ਸਮੇਂ ਘਰ ਵਿਚ ਧੀ ਦਾ ਜੰਮਣਾ ਪਰਿਵਾਰ ਨੂੰ ਫਿਕਰਾਂ ਵਿਚ ਪਾ ਦਿੰਦਾ ਸੀ ਕਿਉਂਕਿ ਆਰਥਿਕ ਸੰਕਟ ਅਤੇ ਉਸ ਦੇ ਵਿਆਹ ਦੇ ਖ਼ਰਚ ਦੀ ਚਿੰਤਾ ਉਸੇ ਸਮੇਂ ਲੱਗ ਜਾਂਦੀ ਸੀ। ਧੀਆਂ ਵਾਲਿਆਂ ਲਈ ਸਮਾਜ ਨੇ ਸਾਊ, ਨਿਮਰਤਾ ਵਾਲੇ ਅਤੇ ਸਾਦੇ ਹੋਣ ਦੀਆਂ ਸ਼ਰਤਾਂ ਲਗਾ ਰੱਖੀਆਂ ਸਨ:
ਜਦ ਘਰ ਜੰਮੀ ਧੀ ਵੇ ਨਿਰੰਜਣਾ, ਥੋੜ੍ਹੀ ਦਾਰੂ ਪੀ ਵੇ ਨਿਰੰਜਣਾ।
ਅੱਜ ਘਰ ਜੰਮਿਆ ਪੁੱਤ ਵੇ ਨਿਰੰਜਣਾ, ਅੱਜ ਦਾਰੂ ਦੀ ਰੁੱਤ ਵੇ ਨਿਰੰਜਣਾ।
ਹਰ ਧੀ ਦਾ ਪਾਲਣ-ਪੋਸ਼ਣ ਪੂਰੇ ਲਾਡ ਪਿਆਰ ਨਾਲ ਕੀਤਾ ਜਾਂਦਾ ਹੈ। ਵਾਹ ਲੱਗਦੀ ਬਾਪੂ ਆਪਣੀ ਆਰਥਿਕ ਤੰਗੀ ਨੂੰ ਧੀ ਦੇ ਸਾਹਮਣੇ ਪੇਸ਼ ਨਹੀਂ ਕਰਦਾ। ਉਹ ਆਪਣੀਆਂ ਸਹੇਲੀਆਂ ਨਾਲ ਗੁੱਡੀਆਂ-ਪਟੋਲਿਆਂ ਨਾਲ ਖੇਡਦੀ, ਪੀਂਘਾਂ ਝੂਟਦੀ, ਵੀਰੇ ਨਾਲ ਲੜਦੀ, ਮਾਂ ਨਾਲ ਕਲੋਲਾਂ ਕਰਦੀ ਬਚਪਨ ਬਿਤਾ ਕੇ ਜਵਾਨੀ ਦੀ ਦਹਿਲੀਜ਼ ’ਤੇ ਪਹੁੰਚਦੀ ਹੈ। ਇਹ ਬੜਾ ਨਾਜ਼ੁਕ ਸਮਾਂ ਹੁੰਦਾ ਹੈ। ਉਹ ਆਪਣੀ ਰਿਸ਼ਤੇਦਾਰੀ ਵਿਚ, ਆਪਣੇ ਪਿੰਡ ਵਿਚ ਆਪਣੇ ਤੋਂ ਵੱਡੀਆਂ ਕੁੜੀਆਂ ਦੇ ਵਿਆਹ-ਮੁਕਲਾਵੇ ਹੁੰਦੇ ਦੇਖਦੀ ਹੈ। ਕਿਤੇ ਇਹ ਵਿਆਹ ਪੂਰੇ ਅਣਜੋੜ ਹਨ, ਕਿਤੇ ਵਿਆਹੀ ਕੁੜੀ ਨੂੰ ਉਸ ਦੇ ਸਹੁਰੇ ਤੰਗ ਕਰਦੇ ਹਨ। ਅਜਿਹਾ ਕੁਝ ਸੁਣ ਕੇ, ਜਾਣ ਕੇ ਉਸ ਦੇ ਮਨ ਵਿਚ ਆਪਣੇ ਮਿਲਣ ਵਾਲੇ ਵਰ-ਘਰ ਬਾਰੇ ਅਣਦੇਖਿਆ ਡਰ ਵੀ ਪੈਦਾ ਹੋ ਜਾਂਦਾ ਹੈ। ਪਰ ਇਸ ਦੇ ਨਾਲ ਹੀ ਉਹ ਆਪਣੀ ਅੱਲ੍ਹੜ ਉਮਰ ਵਿਚ ਹੋਣ ਕਰਕੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਕਿਆਸ-ਅਰਾਈਆਂ ਲਗਾਉਂਦੀ ਰਹਿੰਦੀ ਹੈ। ਪਹਿਲੇ ਸਮਿਆਂ ਵਿਚ ਧੀ ਖੁੱਲ੍ਹ ਕੇ ਆਪਣੀ ਚਾਹਤ ਨਹੀਂ ਸੀ ਦੱਸ ਸਕਦੀ ਹੁੰਦੀ, ਪਰ ਉਹ ਆਪਣੇ ਜਜ਼ਬਿਆਂ ਦਾ ਪ੍ਰਗਟਾਵਾ ਗੀਤਾਂ, ਬੋਲੀਆਂ ਆਦਿ ਰਾਹੀਂ ਕਰ ਲੈਂਦੀ ਸੀ। ਲੋਕ-ਸਾਹਿਤ ਨੇ ਉਸ ਦੇ ਉਹ ਵਲਵਲੇ ਸੰਭਾਲੇ ਹੋਏ ਹਨ:
ਬੀਬੀ ਚੰਦਨ ਦੇ ਓਹਲੇ ਓਹਲੇ ਕਿਉਂ ਖੜ੍ਹੀ ? ਲਾਡੋ ਚੰਦਨ ਦੇ…
ਮੈਂ ਤਾਂ ਖੜ੍ਹੀ ਸੀ ਬਾਬਲ ਜੀ ਦੇ ਦੁਆਰ, ਬਾਬਲ ਵਰ ਲੋੜੀਏ
ਬੀਬੀ ਕਿਹੋ ਜਿਹਾ ਵਰ ਲੋੜੀਏ, ਲਾਡੋ ਕਿਹੋ ਜਿਹਾ…
ਜਿਵੇਂ ਤਾਰਿਆਂ ’ਚੋਂ ਚੰਨ, ਚੰਨਾਂ ਵਿਚੋਂ ਕਾਹਨ, ਕਨ੍ਹੱਈਆ ਵਰ ਲੋੜੀਏ।
ਧੀ ਆਪਣੇ ਲੱਭੇ ਜਾਣ ਵਾਲੇ ਵਰ ਬਾਰੇ ਤਾਂ ਗੱਲ ਬਹੁਤ ਦੱਬਵੀਂ ਸੁਰ ਵਿਚ ਕਰਦੀ ਹੈ, ਪਰ ਸਹੁਰੇ ਪਰਿਵਾਰ ਬਾਰੇ ਉਨ੍ਹਾਂ ਦੇ ਆਰਥਿਕ ਪੱਖ ਬਾਰੇ, ਵਰ ਦੇ ਕੰਮ ਆਦਿ ਬਾਰੇ ਉਸ ਦੀ ਸੁਰ ਜ਼ਰਾ ਤਿੱਖੀ ਹੈ:
-ਓਹ ਘਰ ਟੋਲੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ।
ਨੇੜੇ ਫੇਰੇ ਦੇਈਂ ਬਾਬਲਾ, ਚੱਕ ਗੱਠੜੀ ਘੜੰਮ ਤੇਰੇ ਵਿਹੜੇ।
-ਦੇਵੀਂ ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪ੍ਰਧਾਨ, ਸਹੁਰਾ ਸਰਦਾਰ, ਬਾਬਲ ਤੇਰਾ ਪੁੰਨ ਹੋਵੇ।
ਡਾਹ ਬਹਿੰਦੀ ਪੀੜ੍ਹਾ ਸਾਹਮਣੇ,
ਮੱਥੇ ਕਦੀ ਓਹ ਨਾ ਪਾਵੇ ਵੱਟ, ਬਾਬਲ ਤੇਰਾ ਪੁੰਨ ਹੋਵੇ।
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ ਤੇਰਾ ਪੁੰਨ ਹੋਵੇ।
ਨੌਕਰੀ ਕਰਨ ਵਾਲਾ ਲੜਕਾ ਉਦੋਂ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਇਕ ਤਾਂ “ਉੱਤਮ ਖੇਤੀ’ ਅਨੁਸਾਰ ਘਰ ਦੇ ਕੰਮ ਨੂੰ ਮਾਨਤਾ ਵਧੇਰੇ ਸੀ, ਦੂਜਾ, ਨੌਕਰੀ ਕਰਨ ਵਾਲੇ ਨੂੰ ਆਪਣੀ ਨੌਕਰੀ ਕਰਕੇ ਦੂਰ ਵੀ ਜਾਣਾ ਪੈ ਸਕਦਾ ਸੀ। ਇਸ ਲਈ ਉਹ ਉਸ ‘ਵਿਛੋੜੇ ਅਤੇ ਉਡੀਕ’ ਤੋਂ ਬਚਣਾ ਚਾਹੁੰਦੀ ਹੈ, ਤਦੇ ਤਾਂ ਆਖਦੀ ਹੈ:
ਨੌਕਰ ਨੂੰ ਨਾ ਦੇਈਂ ਵੇ ਬਾਬਲਾ, ਹਾਲ਼ੀ ਪੁੱਤ ਬਥੇਰੇ।
ਨੌਕਰ ਨੇ ਤਾਂ ਚੁੱਕਣਾ ਬਿਸਤਰਾ, ਹੋਣਾ ਗੱਡੀ ਦੇ ਨੇੜੇ।
ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬਲਾ ਫੇਰੇ।
ਕਦੇ ਕਦੇ ਉਹ ਲੁਕਵੇਂ ਜਿਹੇ ਢੰਗ ਨਾਲ ਬਾਪੂ ਨੂੰ ਲੁਧਿਆਣੇ ਪੜ੍ਹਦੇ ਮੁੰਡੇ ਵੱਲ ਇਸ਼ਾਰਾ ਕਰਦੀ ਹੈ:
ਧੀਏ ਨੀਂ ਪਸੰਦ ਕਰ ਲੈ, ਗੱਡੀ ਭਰੀ ਮੁੰਡਿਆਂ ਦੀ ਆਵੇ।
ਪਿੱਛੇ ਗੱਡੀ ਮੋੜ ਬਾਬਲਾ, ਮੇਰੇ ਹਾਣ ਦਾ ਮੁੰਡਾ ਨਾ ਕੋਈ।
ਬਾਪੂ ਮੇਰੇ ਹਾਣ ਦਾ ਮੁੰਡਾ, ਲੁਧਿਆਣੇ ਦੇ ਸਕੂਲ ਵਿਚ ਪੜ੍ਹਦਾ।
ਸਕੂਲਾਂ ਕਾਲਜਾਂ ਵਿਚ ਜਾਂਦੇ ਮੁੰਡੇ ਕੁੜੀਆਂ ਨੂੰ ਦੇਖ ਕੇ ਉਸ ਅੰਦਰ ਵੀ ਪੜ੍ਹਨ ਦਾ ਸ਼ੌਕ ਜਾਗਦਾ ਹੈ, ਖਾਸ ਕਰਕੇ ਉਦੋਂ ਜਦੋਂ ਉਹ ਦੇਖਦੀ ਹੈ ਕਿ ਪੜ੍ਹੀਆਂ ਕੁੜੀਆਂ ਨੂੰ ਦਾਜ ਲਈ ਘੱਟ ਤੰਗ ਕੀਤਾ ਜਾਂਦਾ ਹੈ। ਇਹ ਪੜ੍ਹਨ ਦੀ, ਕਮਾਉਣ ਦੀ ਇੱਛਾ ਉਸ ਦੇ ਮੂੰਹੋਂ ਇੰਝ ਨਿਕਲਦੀ ਹੈ:
ਛੈਣੇ, ਛੈਣੇ, ਛੈਣੇ,
ਵਿੱਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿਚ ਗਹਿਣੇ।
ਹੁਣ ਉਹ ਆਪਣੀ ਜਵਾਨੀ ਵਿਚ ਪੈਰ ਪਾ ਚੁੱਕੀ ਹੈ, ਇਸ ਸਮੇਂ ਉਸ ਤੋਂ ਸਾਊ, ਸੁਸ਼ੀਲ, ਉਚ ਆਚਰਣ ਵਾਲੀ ਬਣੀ ਰਹਿਣ ਦੀਆਂ ਆਸਾਂ ਸਮਾਜ ਨੇ ਰੱਖੀਆਂ ਹੋਈਆਂ ਹਨ ਕਿਉਂਕਿ ਉਸ ਵੱਲੋਂ ਜ਼ਰਾ ਜਿੰਨੀ ਗ਼ਲਤੀ ਉਸ ਦੇ ਪਿਓ ਦੀ ਇੱਜ਼ਤ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਇਸੇ ਲਈ ਉਸ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਹਨ:
ਆਹ ਲੈ ਧੀਏ ਕੱਪੜੇ ਧੋ ਦੇ, ਇਹ ਕੱਪੜੇ ਨੇ ਤੇਰੇ ਪਿਓ ਦੇ,
ਦਿੱਤੀ ਤੈਨੂੰ ਪੱਗ ਧੋਣ ਨੂੰ, ਖੜ੍ਹ ਕੇ ਕੋਲ ਸੁਕਾਈਂ
ਪੱਗ ਤੇਰੇ ਬਾਬਲ ਦੀ, ਇਹਨੂੰ ਲੱਗਣੋਂ ਦਾਗ ਬਚਾਈਂ।
-ਸੁਣ ਨੀਂ ਕੁੜੀਏ ਮਛਲੀ ਵਾਲੀਏ, ਮਛਲੀ ਨਾ ਚਮਕਾਈਏ।
ਨੀਂ ਭਰ ਕਚਹਿਰੀ ਬਾਬਲ ਬੈਠਾ, ਨੀਵੀਂ ਪਾ ਲੰਘ ਜਾਈਏ।
ਬਾਬਲ ਧਰਮੀ ਦੀ, ਪੱਗ ਨੂੰ ਦਾਗ ਨਾ ਲਾਈਏ।
ਚਾਹੁੰਦਾ ਹੋਇਆ ਵੀ ਬਾਬਲ ਉਸ ਨੂੰ ਰੱਖ ਨਹੀਂ ਸਕਦਾ। ਲੜਕੀ ਦੇ ਦਿਲ ਵਿਚ ਬਾਰ ਬਾਰ ਪੇਕਿਆਂ ਤੋਂ ਵਿੱਛੜਨ ਦਾ ਖਿਆਲ ਭਾਰੂ ਹੋ ਰਿਹਾ ਹੈ। ਉਹ ਇਹ ਸੱਲ੍ਹ ਕਿਵੇਂ ਸਹਿਣ ਕਰੇਗੀ ? ਨਵੇਂ ਪਰਿਵਾਰ ਨਾਲ ਉਸ ਦੀ ਕੋਈ ਜਾਣ-ਪਹਿਚਾਣ ਨਹੀਂ, ਕਿਵੇਂ ਉਨ੍ਹਾਂ ਵਿਚ ਰਹਿ ਸਕੇਗੀ ਕਿਉਂਕਿ ਪਰਿਵਾਰ ਦੇ ਸਭ ਫੈਸਲੇ ਮਰਦ ਹੀ ਲੈਂਦਾ ਹੁੰਦਾ ਸੀ, ਇਸ ਲਈ ਉਹ ਬਾਬਲ ਨੂੰ ਹੀ ਅਰਜ਼ ਕਰਦੀ ਹੈ ਕਿ ਉਹ ਕਿਸੇ ਤਰੀਕੇ ਨਾਲ ਇਸ ਵਿਛੋੜੇ ਦੀ ਘੜੀ ਨੂੰ ਆਉਣ ਤੋਂ ਰੋਕ ਦੇਵੇ। ਸਾਡੇ ਲੋਕ-ਸਾਹਿਤ ਨੇ ਉਸ ਦੀ ਪੀੜ ਨੂੰ, ਵੇਦਨਾ ਨੂੰ, ਉਸ ਦੇ ਤਰਲੇ, ਮਿੰਨਤਾਂਂ ਅਤੇ ਅਰਜ਼ੋਈਆਂ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ:
ਤੇਰੇ ਮਹਿਲੀਂ ਨਾ ਸਮਾਣ ਬਾਬਲਾ, ਵੇ ਧੀਆਂ ਪਰਦੇਸਣਾਂ,
ਸਾਡਾ ਕਰੀਂ ਨਾ ਗੁਮਾਨ ਬਾਬਲਾ, ਵੇ ਧੀਆਂ ਪਰਦੇਸਣਾਂ।
-ਨਿੱਕੀ ਜਿਹੀ ਸੂਈ, ਵੱਟਵਾਂ ਧਾਗਾ, ਬੈਠ ਕਸੀਦਾ ਕੱਢ ਰਹੀ ਆਂ
ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬਾ ਰੋ ਰਹੀ ਆਂ
ਬਾਬਲ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਆਂ।
-ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉੱਡ ਵੇ ਜਾਣਾ।
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ।
ਪਰ ਇਹ ਸਾਰੀਆਂ ਜੋਦੜੀਆਂ ਕੁਝ ਵੀ ਨਹੀਂ ਕਰ ਸਕਦੀਆਂ। ਆਖਰ ਬਾਬਲ ਨੂੰ ਆਪਣੇ ਦਿਲ ’ਤੇ ਪੱਥਰ ਰੱਖ ਕੇ ਆਪਣੀ ਲਾਡੋ ਨੂੰ ਵਿਦਾ ਕਰਨਾ ਹੀ ਪੈਂਦਾ ਹੈ। ਡੋਲੀ ਵੇਲੇ ਦਾ ਸੀਨ ਬਹੁਤ ਹੀ ਭਾਵੁਕ ਹੁੰਦਾ ਹੈ, ਜਦੋਂ ਹਾਰ ਸ਼ਿੰਗਾਰ ਵਿਚ ਸਜੀ ਧੀ ਇਕੱਲੇ ਇਕੱਲੇ ਮੈਂਬਰ ਨੂੰ ਮਿਲਦੀ ਹੈ ਤਾਂ ਕਿਹੜੀ ਅੱਖ ਹੈ ਜੋ ਇਸ ਬਿਰਹਾ ਦੀ ਪੀੜ ਨਾਲ ਨਮ ਨਹੀਂ ਹੁੰਦੀ। ਕਿਧਰੇ ਸੋਗੀ ਧੁਨ ਵੱਜਦੀ ਹੈ “ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ” ਪਰ ਕੀ ਮਾਂ, ਕੀ ਭਰਜਾਈਆਂ, ਸਭ ਆਪੋ ਆਪਣੀਆਂ ਚੁੰਨੀਆਂ ਨਾਲ ਆਪਣੇ ਹੰਝੂ ਪੂੰਝ ਰਹੀਆਂ ਹੁੰਦੀਆਂ ਹਨ। ਬਾਬਲ ਆਪਣੇ ਗ਼ਮ ਨੂੰ ਲੁਕੋਣ ਦੀ ਕੋਸ਼ਿਸ਼ ਕਰਦਾ ਹੈ, ਪਰ ਅੱਥਰੂ ਆਪ ਮੁਹਾਰੇ ਵਹੀ ਜਾਂਦੇ ਹਨ। ਡੋਲੀ ਨੂੰ ਧੱਕਾ ਲਾ ਕੇ ਵੀਰ ਭੈਣ ਨੂੰ ਇਸ ਘਰ ਵਿਚੋਂ ਵਿਦਾਈ ਦੇ ਦਿੰਦੇ ਹਨ।
ਸਹੁਰੇ ਘਰ ਪੁੱਜੀ ਧੀ ਨੂੰ ਕਈ ਵਾਰ ਆਪਣਾ ਪਤੀ ਆਪਣੇ ਖਿਆਲਾਂ ਵਿਚ ਸਿਰਜੇ ਗੱਭਰੂ ਵਰਗਾ ਨਹੀਂ ਜਾਪਦਾ। ਕਿਤੇ ਰੰਗ, ਕਿਤੇ ਉਮਰ, ਕਿਤੇ ਕੱਦ ਆਦਿ ਉਸ ਦੇ ਬਰਾਬਰ ਦਾ ਨਹੀਂ ਕਿਉਂਕਿ ਬਾਬਲ ਨੇ ਮੁੱਖ ਰੂਪ ਵਿਚ ਆਰਥਿਕ ਪੱਖ ਅਤੇ ਚੰਗਾ ਖਾਨਦਾਨ ਦੇਖਿਆ ਹੁੰਦਾ ਹੈ ਅਤੇ ਉਹ ਨਾ-ਚਾਹੁੰਦਿਆਂ ਵੀ ਕਿਧਰੇ ਹੋਰ ਪਾਸਿਓਂ ਸਮਝੌਤਾ ਕਰ ਲੈਂਦਾ ਹੈ। ਜੋੜ ਨਾ ਮਿਲਣ ਦੀ ਟੀਸ ਤਾਂ ਨਿਕਲਦੀ ਹੈ, ਪਰ ਬਾਬਲ ਦੀ ਸਹੇੜ ਨੂੰ ਨਕਾਰ ਵੀ ਨਹੀਂ ਸਕਦੀ:
-ਬਾਪੂ ਵੇ ਬਦਾਮ ਰੰਗਿਆ, ਧੀਆਂ ਗੋਰੀਆਂ, ਜੁਆਈ ਤੇਰੇ ਕਾਲੇ।
-ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ।
-ਬਾਬਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ।
ਸਮੇਂ ਨੇ ਲੰਮੀ ਕਰਵਟ ਲੈ ਲਈ ਹੈ। ਉਤਪਾਦਨ ਦੇ ਬਦਲਦੇ ਸਾਧਨਾਂ ਨਾਲ ਤਕਨਾਲੋਜੀ ਆ ਗਈ ਹੈ। ਕਮਾਈ ਦੇ ਤਰੀਕੇ ਬਦਲਣ ਨਾਲ ਆਰਥਿਕ ਪੱਖ ਤਬਦੀਲ ਹੋਣ ਨਾਲ ਰਿਸ਼ਤਿਆਂ ਦੀਆਂ ਸਮੀਕਰਨਾਂ ਵੀ ਬਦਲੀਆਂ ਹਨ। ਵਿੱਦਿਆ ਆਉਣ ਨਾਲ ਗੱਲਬਾਤ ਪਹਿਲਾਂ ਨਾਲੋਂ ਖੁੱਲ੍ਹੀ ਡੁੱਲ੍ਹੀ ਹੋ ਗਈ ਹੈ। ਸਾਕ ਕਰਨ ਸਮੇਂ ਦੇ ਸਾਡੇ ਮਾਪਦੰਡ ਵੀ ਬਦਲ ਗਏ ਹਨ। ਫੈਸ਼ਨਪ੍ਰਸਤੀ ਤੇ ਪੈਲੇਸ ਸੱਭਿਆਚਾਰ ਨੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ। ਹੁਣ ਕੋਈ ਲੜਕੀ ਡੋਲੀ ਵੇਲੇ ਰੋਂਦੀ ਕੁਰਲਾਉਂਦੀ ਨਹੀਂ। ਸ਼ਾਇਦ ਹੋਰ 20-30 ਸਾਲਾਂ ਬਾਅਦ ਨਵੀਂ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਬਿਲਕੁਲ ਹੀ ਫਜ਼ੂਲ ਦੱਸੇ, ਪਰ ਅਸੀਂ ਆਪਣੇ ਸੱਭਿਆਚਾਰ ਦੀ ਬੁੱਕਲ ਵਿਚ ਸਮਾਈਆਂ ਇਨ੍ਹਾਂ ਅਮੀਰ ਯਾਦਾਂ ਨੂੰ ਕਿਵੇਂ ਭੁੱਲ ਸਕਦੇ ਹਾਂ।
ਸੰਪਰਕ: 98147-15796