ਗੁਰਮੀਤ ਸਿੰਘ*
ਲੱਗੋਜਾ ਕਾਂ ਦੇ ਪਰਿਵਾਰ ਦਾ ਪੰਛੀ ਹੈ। ਇਹ ਪੂਰੇ ਭਾਰਤ ਵਿਚ ਪਾਇਆ ਜਾਂਦਾ ਹੈ। ਇਸ ਨੂੰ ਕਈ ਥਾਵਾਂ ‘ਤੇ ਮਹਾਲਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਰੂਫਸ ਟ੍ਰੀ ਪਾਈ (Rufous TreePie) ਅਤੇ ਹਿੰਦੀ ਵਿਚ ਭਾਰਤੀਏ ਮਹਲਾਠ ਜਾਂ ਟਾਕਾ ਚੋਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਖੁੱਲ੍ਹੇ ਜੰਗਲ ਦਾ ਪੰਛੀ ਹੈ ਜੋ ਮੈਨਾ ਦੇ ਆਕਾਰ ਜਿੰਨਾ ਹੁੰਦਾ ਹੈ, ਪਰ ਇਸ ਦੀ ਪੂਛ ਲੰਬੀ ਹੁੰਦੀ ਹੈ। ਇਹ ਅਕਸਰ ਸੁੱਕੇ ਜੰਗਲ, ਮਿਸ਼ਰਤ ਪਤਝੜ ਦੇ ਜੰਗਲ, ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਨੇੜੇ ਅਤੇ ਬਾਗ਼-ਬਗੀਚਿਆਂ ਵਿਚ ਵੇਖਣ ਨੂੰ ਮਿਲਦਾ ਹੈ। ਲੱਗੋਜੇ ਦਾ ਕੱਦ ਕਾਠ 45 ਤੋਂ 55 ਸੈਂਟੀਮੀਟਰ ਹੁੰਦਾ ਹੈ ਅਤੇ ਇਸ ਦਾ ਭਾਰ 80 ਤੋਂ 140 ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਇਸ ਦਾ ਸਿਰ, ਛਾਤੀ ਅਤੇ ਉੱਪਰਲਾ ਹਿੱਸਾ, ਧੌਣ, ਗਲਾ ਤੇ ਛਾਤੀ ਸੁਰਮਈ ਰੰਗ ਦੀ ਹੁੰਦੀ ਹੈ।
ਲੱਗੋਜੇ ਦੀ ਮੁੱਖ ਪਛਾਣ ਇਸ ਦਾ ਪੂੰਝਾ ਲੰਮਾ ਤੇ ਤਿੱਖਾ ਹੁੰਦਾ ਹੈ। ਪੂੰਝੇ ਵਿਚਲੇ ਦੋ ਖੰਭ ਸਲੇਟੀ/ਨੀਲੇ ਹੁੰਦੇ ਹਨ। ਇਸ ਦੀਆਂ ਅੱਖਾਂ ਲਾਲ ਭੂਰੀਆਂ ਹੁੰਦੀਆਂ ਹਨ। ਇਸ ਦੀ ਚੁੰਝ ਸਲੇਟੀ ਤੇ ਪਹੁੰਚੇ ਭੂਰੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਪੰਛੀ ਕੀੜੇ-ਮਕੌੜਿਆਂ, ਕੀੜੀਆਂ, ਕਿਰਲੀਆਂ, ਡੱਡੂ, ਛੋਟੇ ਪੰਛੀ, ਚੂਹੇ, ਸੱਪ, ਜੰਗਲੀ ਅਤੇ ਕਾਸ਼ਤ ਵਾਲੇ ਫ਼ਲ ਖਾ ਜਾਂਦਾ ਹੈ। ਇਹ ਪੰਛੀਆਂ ਦੇ ਆਲ੍ਹਣੇ ਵਿਚ ਵੀ ਯੋਜਨਾਬੱਧ ਢੰਗ ਨਾਲ ਸ਼ਿਕਾਰ ਕਰਦੇ ਹਨ ਅਤੇ ਆਂਡਿਆਂ ਲਈ ਬਹੁਤ ਖਤਰਨਾਕ ਹੁੰਦੇ ਹਨ। ਇਹ ਪੰਛੀ ਦੂਸਰਿਆਂ ਦੇ ਆਂਡੇ ਤੇ ਆਲ੍ਹਣੇ ਤੋੜਨ ਵਿਚ ਬਹੁਤ ਮਾਹਿਰ ਹਨ। ਲੱਗੋਜਾ ਜ਼ਿਆਦਾਤਰ ਰੁੱਖਾਂ ‘ਤੇ ਹੀ ਰਹਿੰਦਾ ਹੈ। ਨਰ ਅਤੇ ਮਾਦਾ ਦੋਵੇਂ ਇਕੋ ਜਿਹੇ ਦਿਖਾਈ ਦਿੰਦੇ ਹਨ। ਇਸ ਦੀ ਪੁਕਾਰ ਸੰਗੀਤਕ ਅਤੇ ਕਠੋਰ ਲੱਗਦੀ ਹੈ।
ਇਸ ਪੰਛੀ ਦਾ ਪ੍ਰਜਣਨ ਦਾ ਮੌਸਮ ਫਰਵਰੀ ਤੋਂ ਜੁਲਾਈ ਤਕ ਹੁੰਦਾ ਹੈ। ਇਨ੍ਹਾਂ ਦਾ ਆਲ੍ਹਣਾ ਪੱਤਿਆਂ ਰਾਹੀਂ ਚੰਗੀ ਤਰ੍ਹਾਂ ਢਕਿਆ ਹੋਇਆ ਦਰੱਖਤ ਦੇ ਸਿਖਰ ਦੇ ਨੇੜੇ ਹੁੰਦਾ ਹੈ। ਇਸ ਵਿਚ ਮਾਦਾ ਕਾਲੇ ਨਿਸ਼ਾਨ ਵਾਲੇ 3 ਤੋਂ 6 ਫਿੱਕੇ ਹਰੇ ਰੰਗ ਦੇ ਜਾਂ ਚਮਕਦਾਰ ਲਾਲ-ਭੂਰੇ ਆਂਡੇ ਦਿੰਦੀ ਹੈ। ਦੋਵੇਂ ਨਰ ਤੇ ਮਾਦਾ ਆਲ੍ਹਣਾ ਬਣਾਉਂਦੇ ਹਨ ਅਤੇ ਚੂਚਿਆਂ ਦੀ ਦੇਖਭਾਲ ਕਰਦੇ ਹਨ।
ਲੱਗੋਜੇ ਦੀ ਸਥਿਤੀ ਕਾਂ ਦੇ ਪਰਿਵਾਰ ਵਿਚੋਂ ਹੋਣ ਕਰਕੇ ਵਧੀਆ ਹੈ। ਇਹ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-4 ਦਾ ਪੰਛੀ ਹੈ। ਆਈ.ਯੂ. ਸੀ.ਐੱਨ. ਵੱਲੋਂ ਇਸ ਨੂੰ ਘੱਟ ਤੋਂ ਘੱਟ ਚਿੰਤਤ ਸੂਚੀ ਵਿਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910