ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਜੂਨ
ਸੀਆਈਆਈ (ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ) ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੁਲੀਸ ਨਾਲ ਮਿਲ ਕੇ ਵਿਭਾਗ ਦੇ ਕੰਮਕਾਰ ਵਿਚ ਫੁਰਤੀ ਅਤੇ ਪਾਰਦਰਸ਼ਤਾ ਲਿਆਉਣ ਲਈ ਕੰਮ ਕਰਨ ਦਾ ਐਲਾਨ ਕੀਤਾ ਹੈ, ਇਹ ਪ੍ਰਗਟਾਵਾ ਪੁਲੀਸ ਦੇ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸੀਆਈਆਈ ਵੱਲੋਂ ਇਸ ਸਬੰਧ ਵਿਚ ਕਰਵਾਏ ਸਮਾਗਮ ਸਮੇਂ ਕੀਤਾ। ਡਾ. ਗਿੱਲ ਨੇ ਕਿਹਾ ਕਿ ਅਜਿਹੇ ਫੋਰਮ ਬਦਲਦੇ ਢੰਗਾਂ ਨਾਲ ਨਜਿੱਠਣ ਅਤੇ ਪੁਲੀਸ ਦੇ ਅਕਸ ਨੂੰ ਤੋੜਨ ਲਈ ਮਦਦਗਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਮੈਂਬਰਾਂ ਨੂੰ ਸੜਕਾਂ ਅਪਣਾਉਣ ਅਤੇ ਕੁਆਲਟੀ ਪੱਧਰ ਦੇ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਕਿਹਾ, ਜਿਸ ਦਾ ਕੰਟਰੋਲ ਸੈਂਟਰ ਸਨਅਤੀ ਜ਼ੋਨ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਦੌਰਾਨ ਬਿਹਤਰ ਸੰਚਾਰ ਅਤੇ ਆਪਸੀ ਤਾਲਮੇਲ ਲਈ ਥਾਣੇ ਪੱਧਰ ਦੇ ਖੇਤਰਾਂ ਅਨੁਸਾਰ ਅਗਲੀਆਂ ਮੀਟਿੰਗਾਂ ਕਰਨ ਲਈ ਵੀ ਸਹਿਮਤੀ ਬਣੀ ਹੈ। ਇਸ ਮੌਕੇ ਸੀਆਈਆਈ ਦੇ ਜ਼ਿਲ੍ਹਾ ਚੈਅਰਮੈਨ ਰਾਜੀਵ ਸਜਦੇਹ, ਮੀਤ ਚੈਅਰਮੈਨ ਕਰਨ ਵਰਮਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਪੁਲੀਸ ਵਿਭਾਗ ਨੇ ਪੁਲੀਸ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਕੁਸ਼ਲ ਬਣਾਉਣ ਲਈ ਪਹਿਲਕਦਮੀ ਦਿਖਾਈ ਹੈ। ਇਸ ਸਮਾਗਮ ਵਿਚ ਪੁਲੀਸ ਅਧਿਕਾਰੀ ਅਤੇ ਸੀਆਈਆਈ ਦੇ ਆਗੂ ਹਾਜ਼ਰ ਸਨ।