ਪਾਲ ਸਿੰਘ ਨੌਲੀ
ਜਲੰਧਰ, 25 ਜੂਨ
ਹਾਕੀ ਦੀ ਖੇਡ ਨੂੰ ਹੋਰ ਉਤਸ਼ਾਹਤ ਕਰਨ ਲਈ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਚ ਅੱਜ ਨਵੀਂ ਐਸਟ੍ਰੋਟਰਫ ਲਗਾਉਣ ਦਾ ਕੰਮ ਬਾਕਾਇਦਾ ਤੌਰ ’ਤੇ ਸ਼ੁਰੂ ਹੋ ਗਿਆ। ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਅਤੇ ਚੀਫ ਪੀਆਰਓ ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸੂਬੇ ਵਿਚ ਜ਼ਮੀਨੀ ਪੱਧਰ ’ਤੇ ਹਾਕੀ ਨੂੰ ਉਤਸ਼ਾਹਤ ਕਰਨ ਦੇ ਕੀਤੇ ਗਏ ਐਲਾਨ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਨਵੇਂ ਐਸਟ੍ਰੋਟਰਫ ਲਗਾਉਣ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਚੀਫ ਹਾਕੀ ਕੋਚ ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ, ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਸਾਂਝੇ ਤੌਰ ’ਤੇ ਅਰਦਾਸ ਕਰਕੇ ਨਵੀਂ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਸਾਂਝੇ ਤੌਰ ’ਤੇ ਮਤਾ ਪਾਸ ਕਰਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ 4.50 ਕਰੋੜ ਰੁਪਏ ਦੀ ਲਾਗਤ ਨਾਲ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਯੂਐੱਸਏ ਦੀ ਕੰਪਨੀ ਫੀਲਡ ਟੁਰਫ ਦੁਆਰਾ ਬਣੀ ਐਸਟ੍ਰੋਟਰਫ ਅਤੇ ਇਕ ਅਤਿ-ਆਧੁਨਿਕ ਛਿੜਕਾਅ ਸਿਸਟਮ ਲਗਾਉਣ ਲਈ ਧੰਨਵਾਦ ਕੀਤਾ।