ਬੂਟਾ ਸਿੰਘ ਵਾਕਫ਼
ਜਨਮ ਉਪਰੰਤ ਮਨੁੱਖ ਆਪਣੇ ਘਰ-ਪਰਿਵਾਰ ਤੇ ਆਲੇ-ਦੁਆਲੇ ਤੋਂ ਸੋਝੀ ਪ੍ਰਾਪਤ ਕਰਦਾ ਹੈ। ਜਿਸ ਸਮਾਜ ਵਿਚ ਉਹ ਜਵਾਨ ਹੁੰਦਾ ਹੈ, ਪ੍ਰਵਾਨ ਚੜ੍ਹਦਾ ਹੈ, ਰੋਜ਼ਮਰ੍ਹਾ ਦੇ ਕਾਰਜ ਕਰਦਾ ਹੈ, ਉਸੇ ਸਮਾਜ ਵਿਚੋਂ ਉਸ ਦੀ ਆਪਣੀ ਵਿਚਾਰਧਾਰਾ ਪਨਪਦੀ ਹੈ। ਬਹੁਤ ਘੱਟ ਇਨਸਾਨ ਹੁੰਦੇ ਹਨ ਜਿਹੜੇ ਸਥਾਪਿਤ ਸਮਾਜਿਕ ਬੰਧਨਾਂ ਤੋਂ ਮੁਕਤ ਹੋ ਕੇ ਚੱਲਦੇ ਹਨ। ਨਵੇਂ ਰਾਹਾਂ, ਨਵੀਆਂ ਮੰਜ਼ਿਲਾਂ, ਨਵੇਂ ਦਿਸਹੱਦਿਆਂ ਦੇ ਪਾਂਧੀ ਬਣਦੇ ਹਨ। ਅਜਿਹੇ ਇਨਸਾਨਾਂ ਦੀ ਸੋੋਚ ਅਤੇ ਕਾਰਜ ਢੰਗ ਸਮਾਜ ਵਿਚ ਵਿਚਰਦੇ ਆਮ ਇਨਸਾਨ ਨਾਲੋਂ ਵੱਖਰਾ ਤੇ ਵਿਸ਼ੇਸ਼ ਹੁੰਦਾ ਹੈ। ਅਜਿਹੇ ਲੋਕਾਂ ਦੀ ਸੋਚ ਨੂੰ ਤਿੱਖਾ ਕਰਨ ਪਿੱਛੇ ਵਿਸ਼ੇਸ਼ ਵਿਅਕਤੀਆਂ ਅਤੇ ਵਿਸ਼ੇਸ਼ ਪ੍ਰਸਥਿਤੀਆਂ ਦਾ ਹੱਥ ਹੁੰਦਾ ਹੈ। ਹਰ ਵਿਅਕਤੀ ਦੀ ਸੋਚ ਨੂੰ ਬਦਲਣਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ।
ਕਿਸੇ ਵਿਅਕਤੀ ਦੀ ਸੋਝੀ ਨੂੰ ਵਿਕਸਤ ਕਰਨਾ ਤੇ ਉਸ ਨੂੰ ਵਿਲੱਖਣ ਰਾਹਾਂ ’ਤੇ ਤੋਰਨ ਲਈ ਲਗਾਤਾਰ ਸੁਹਿਰਦ ਯਤਨਾਂ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਹ ਯਤਨ ਆਪਾ ਤਿਆਗਣ ਦੀ ਸਥਿਤੀ ਤਕ ਜਾਰੀ ਰਹਿਣੇ ਜ਼ਰੂਰੀ ਹਨ। ਕਿਸੇ ਵਿਅਕਤੀ ਦੀ ਸੋਚ ਨੂੰ ਵਿਚਾਰਧਾਰਕ ਤੌਰ ’ਤੇ ਬੁਲੰਦ ਕਰਨਾ ਅਤੇ ਮਜ਼ਬੂਤੀ ਦੀ ਹੱਦ ਤਕ ਲੈ ਜਾਣਾ ਮੁਹਾਰਤ ਤੋਂ ਬਿਨਾਂ ਸੰਭਵ ਨਹੀਂ। ਕਿਸੇ ਵੀ ਵਿਅਕਤੀ ਨੂੰ ਬੁਲੰਦ ਸੋਚ ਦੇ ਹਾਣੀ ਬਣਾਉਣਾ ਕੈਨਵਸ ਤੇ ਬਾਰੀਕੀ ਨਾਲ ਚਿੱਤਰਕਾਰੀ ਕਰਨ ਦੇ ਬਰਾਬਰ ਹੁੰਦਾ ਹੈ, ਜਿੱਥੇ ਸਾਨੂੰ ਜੀਅ ਜਾਨ ਲਗਾ ਕੇ ਮਿਹਨਤ ਕਰਨੀ ਹੁੰਦੀ ਹੈ। ਅਣਘੜਤ ਪੱਥਰ ਵਿਚੋਂ ਸ਼ਾਨਦਾਰ ਨਕਸ਼ ਤਰਾਸ਼ ਲੈਣ ਦਾ ਕਾਰਜ ਨਿਰੰਤਰ ਮਿਹਨਤ, ਸੰਜਮ ਤੇ ਵੱਡੇ ਹੌਸਲੇ ਦੀ ਮੰਗ ਤਾਂ ਕਰਦਾ ਹੈ। ਨਾਲ ਹੀ ਉਸ ਨਜ਼ਰ, ਗੰਭੀਰ ਸੋਚ ਤੇ ਵਿਸ਼ਾਲ ਕਲਪਨਾ ਦੀ ਮੰਗ ਵੀ ਕਰਦਾ ਹੈ ਜਿਹੜੀ ਪੱਥਰ ਤਰਾਸ਼ਣ ਤੋਂ ਪਹਿਲਾਂ ਹੀ ਆਪਣੇ ਜ਼ਿਹਨ ਅੰਦਰ ਮੂਰਤ ਦੇ ਨਕਸ਼ ਤਰਾਸ਼ ਚੁੱਕੀ ਹੁੰਦੀ ਹੈ।
ਇਤਿਹਾਸ ਵੱਲ ਝਾਤੀ ਮਾਰੀਏ ਤਾਂ ਇਹ ਗੱਲ ਜ਼ਾਹਿਰ ਹੋ ਜਾਂਦੀ ਹੈ ਕਿ ਵੱਖਰੀ ਸੋਚ ਦੇ ਨਾਇਕ ਭੀੜਾਂ ਤੋਂ ਵੱਖ ਹੋ ਕੇ ਤੁਰਦੇ ਹਨ। ਅਜਿਹੇ ਲੋਕਾਂ ਦੀ ਧੜ ’ਤੇ ਸਿਰਫ਼ ਸਿਰ ਨਹੀਂ ਸਗੋਂ ਇਕ ਬੁਲੰਦ ਸੋਚ, ਵਿਸ਼ਾਲ ਇਰਾਦਾ ਉਡਾਨ ਭਰ ਰਿਹਾ ਹੁੰਦਾ ਹੈ। ਬੜਾ ਔਖਾ ਹੁੰਦਾ ਹੈ ਸਿਕੰਦਰ ਤੋਂ ਪੋਰਸ ਹੋਣ ਦਾ ਸਫ਼ਰ। ਬੜਾ ਔਖਾ ਹੈ ਸਿਧਾਰਥ ਤੋਂ ਬੁੱਧ ਹੋ ਜਾਣਾ। ਸੂਰਜ ਬਣ ਕੇ ਲਿਸ਼ਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮਾਧੋ ਦਾਸ ਬੈਰਾਗੀ ਤੋਂ ਬੰਦਾ ਬਹਾਦਰ ਹੋਣ ਦੀ ਪਰਵਾਜ਼ ਸਖ਼ਤ ਮਿਹਨਤ ਤੇ ਵਿਸ਼ਾਲ ਜਜ਼ਬੇ ਦੀ ਮੰਗ ਕਰਦੀ ਹੈ। ਗੁਰੂ ਨਾਨਕ ਨੇ ਦੁਨਿਆਵੀ ਸੋਚ ਨੂੰ ਬਦਲਣ ਹਿਤ ਉਮਰ ਭਰ ਅਥੱਕ ਯਾਤਰਾਵਾਂ ਕੀਤੀਆਂ। ਹਜ਼ਾਰਾਂ ਲੋਕਾਂ ਦੀ ਸੋਚ ਨੂੰ ਚਾਨਣ ਦੀ ਲੋਅ ਵੱਲ ਮੋੜਿਆ। ਸੁਕਰਾਤ, ਬੈਰੂਨੋ ਵਰਗੇ ਅਨੇਕਾਂ ਹੋਰ ਵਿਗਿਆਨੀਆਂ ਨੂੰ ਸੱਚ ਕਹਿਣ ਬਦਲੇ ਮੌਤ ਦੇ ਅੰਜਾਮ ਤਕ ਜਾਣਾ ਪਿਆ। ਅਜਿਹੇ ਲੋਕ ਜ਼ਹਿਰ ਪਿਆਲਾ ਪੀ ਕੇ ਵੀ ਸੱਚ ਕਹਿਣ ਤੋਂਂ ਥਿੜਕੇ ਨਹੀਂ। ਅਜਿਹੇ ਲੋਕਾਂ ਦੇ ਮਹਾਨ ਵਿਚਾਰਾਂ ਸਦਕਾ ਅੱਜ ਦੁਨੀਆਂ ਵਿਚ ਤਬਦੀਲੀਆਂ ਸੰਭਵ ਹੋਈਆਂ। ਅਵੱਲੜੇ ਰਾਹਾਂ ਦੇ ਸ਼ੌਕੀਨ ਹੀ ਨਿਵੇਕਲੀਆਂ ਮੰਜ਼ਿਲਾਂ ’ਤੇ ਪਹੁੰਚਦੇ ਹਨ। ਜਲਦੀ ਅੱਕ ਜਾਣ ਵਾਲੇ, ਡਰ ਤੇ ਥੱਕ ਜਾਣ ਵਾਲੇ, ਜਲਦੀ ਘਬਰਾ ਜਾਣ ਵਾਲੇ ਕਿਧਰੇ ਵੀ ਨਹੀਂ ਪਹੁੰਚਦੇ।
ਸਮਾਜ ਵਿਚ ਅਧਿਆਪਕ ਇਕ ਅਜਿਹਾ ਇਨਸਾਨ ਹੈ ਜਿਹੜਾ ਬਿਨਾਂ ਕਿਸੇ ਭੈਅ, ਡਰ, ਲਾਲਚ ਤੇ ਵੈਰ ਵਿਰੋਧ ਦੇ ਵਿਦਿਆਰਥੀਆਂ ਨੂੰ ਸੋਚ ਦੀ ਵਿਸ਼ਾਲਤਾ ਦੇ ਸਾਗਰ ਵਿਚ ਗੋਤਾ ਲੁਆਉਂਦਾ ਹੈ। ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਅੱਜ ਸਮਾਜ ਵਿਚ ਅਸੀਂ ਜਿਹੜੇ ਇਨਸਾਨਾਂ ਨੂੰ ਵਿਸ਼ਾਲ ਸੋਚ ਦੇ ਮਾਲਕ ਵਜੋਂ ਵੇਖਦੇ ਹਾਂ, ਉਨ੍ਹਾਂ ਵਿਚੋਂ ਬਹੁਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਪੈਦਾਇਸ਼ ਹਨ। ਸਕੂਲੀ ਸਿਲੇਬਸ ਦੇ ਨਾਲ-ਨਾਲ ਕਿਤਾਬ ਰੂਪੀ ਖਿੜਕੀ ਰਾਹੀਂ ਬਾਹਰੀ ਸੰਸਾਰ ਨਾਲ ਜੋੜਨ ਦਾ ਕੰਮ ਇਕ ਅਧਿਆਪਕ ਬਾਖੂਬੀ ਜਾਣਦਾ ਹੈ।
ਕਿਤਾਬਾਂ ਦੇ ਲੜ ਲੱਗੇ ਵਿਅਕਤੀਆਂ ਨੂੰ ਸੋਚ ਦੇ ਵਿਸ਼ਾਲ ਅੰਬਰਾਂ ਵਿਚ ਉਡਾਣ ਭਰਨ ਤੋਂ ਕੋਈ ਨਹੀਂ ਰੋਕ ਸਕਦਾ। ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਨੁਸਾਰ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤਿੱਖੀ ਹੁੰਦੀ ਹੈ। ਮਹਾਨ ਵਿਚਾਰ ਹੀ ਵਿਅਕਤੀਗਤ, ਸਮਾਜਿਕ ਤੇ ਰਾਜਸੀ ਤਬਦੀਲੀਆਂ ਲਿਆਉਂਦੇ ਹਨ। ਕਿਸੇ ਦੇ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਵਿਚਾਰ ਸਾਨੂੰ ਦੁਨੀਆਂ ਦੇ ਮਹਾਨ ਯੋਧਿਆਂ ਦੇ ਇਤਿਹਾਸ ਅਤੇ ਕਿਤਾਬਾਂ ਵਿਚੋਂ ਪ੍ਰਾਪਤ ਹੁੰਦੇ ਹਨ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਚੰਗੀਆਂ ਕਿਤਾਬਾਂ ਦੇ ਲੜ ਲੱਗਿਆ ਮਨੁੱਖ ਜ਼ਿੰਦਗੀ ਵਿਚ ਕਦੇ ਵੀ ਨਹੀਂ ਡੋਲਦਾ, ਪਰ ਕਿਸੇ ਨੂੰ ਕਿਤਾਬਾਂ ਦੀ ਦੁਨੀਆ ਨਾਲ ਜੋੜਨ ਦਾ ਕਾਰਜ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਕਿਸੇ ਅਗਾਂਹਵਧੂ ਜਥੇਬੰਦਕ ਸੋਚ ਨਾਲ ਜੁੜੇ ਹੋਏ ਵਿਅਕਤੀ ਵੀ ਨਵੇਂ ਰਾਹਾਂ, ਨਵੇਂ ਦਿਸਹਿੱਦਿਆਂ ਦੇ ਪਾਂਧੀ ਬਣਦੇ ਹਨ। ਸਮਾਜਿਕ ਜਥੇਬੰਦੀ ਇਕ ਅਜਿਹੀ ਵਰਕਸ਼ਾਪ ਹੈ ਜਿਹੜੀ ਵਿਸ਼ਾਲ ਵਿਅਕਤੀਗਤ ਤਬਦੀਲੀਆਂ ਲਿਆ ਕੇ ਕਿਸੇ ਵਿਅਕਤੀ ਨੂੰ ਸਿਖ਼ਰ ਵੱਲ ਲੈ ਜਾਣ ਦੇ ਸਮਰੱਥ ਹੁੰਦੀ ਹੈ।
ਉਹ ਸਾਰੇ ਮਹਾਨ ਲੇਖਕ, ਕਲਾਕਾਰ, ਬੁੱਧੀਜੀਵੀ ਤੇ ਕਿਰਤੀ ਲੋਕ ਸ਼ਲਾਘਾ ਦੇ ਪਾਤਰ ਹਨ ਜਿਨ੍ਹਾਂ ਦੀ ਅਣਥੱਕ ਘਾਲਣਾ ਸਦਕਾ ਕਿਸੇ ਮਨੁੱਖ ਨੇ ਭੀੜ ਤੋਂ ਵੱਖ ਹੋ ਕੇ ਤੁਰਨਾ ਸਿੱਖਿਆ। ਸੋਚ ਦੇ ਵਿਸ਼ਾਲ ਅੰਬਰਾਂ ਵਿਚ ਉੱਚੀ ਉਡਾਣ ਭਰੀ ਤੇ ਜਿਨ੍ਹਾਂ ਸਦਕਾ ਅੱਜ ਵੀ ਇਹ ਕਾਰਜ ਨਿਰਵਿਘਨ ਜਾਰੀ ਹੈ।
ਸੰਪਰਕ : 98762-24461