ਸ਼ਿਮਲਾ, 26 ਜੂਨਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਭਾਜਪਾ ਵਿਧਾਇਕ ਵਿਸ਼ਾਲ ਨਹਿਰੀਆ ’ਤੇ ਉਸ ਦੀ ਐੱਚਪੀਐੱਸ ਅਧਿਕਾਰੀ ਪਤਨੀ ਨੇ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਦੋਸ਼ ਲਗਾਏ ਹਨ। ਉਸ ਨੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ 11 ਮਿੰਟ ਦੀ ਵੀਡੀਓ ਵਿਚ ਸਾਲ 2020 ਬੈਚ ਦੀ ਹਿਮਾਚਲ ਪ੍ਰਦੇਸ਼ ਪ੍ਰਸ਼ਾਸਕੀ ਸੇਵਾਵਾਂ (ਐੱਚਪੀਏਐੱਸ) ਓਸ਼ੀਨ ਸ਼ਰਮਾ ਨੇ ਦੋਸ਼ ਲਾਇਆ ਕਿ ਵਿਧਾਇਕ ਨੇ ਵੀਰਵਾਰ ਨੂੰ ਉਸ ਨੂੰ ਤਿੰਨ ਵਾਰ ਥੱਪੜ ਮਾਰੇ ਤੇ ਉਸ ਨੂੰ ਕਈ ਵਾਰ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ। ਉਸ ਨੇ ਸਰੀਰ ’ਤੇ ਕਥਿਤ ਮਾਰਕੁੱਟ ਦੇ ਜ਼ਖ਼ਮ ਵੀ ਦਿਖਾਏ। ਨਹਿਰੀਆ ਅਤੇ ਸ਼ਰਮਾ ਦਾ ਵਿਆਹ ਦੋ ਮਹੀਨੇ ਪਹਿਲਾਂ 26 ਅਪਰੈਲ ਨੂੰ ਹੋਇਆ ਸੀ। ਸ਼ਰਮਾ ਨੇ ਕਿਹਾ ਕਿ ਉਹ ਹੁਣ ਆਪਣੇ ਪੇਕੇ ਆ ਗਈ ਹੈ। ਐੱਚਪੀਐੱਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਨਹਿਰੀਆ ਨੇ ਉਸ ਨੂੰ ਇਸ ਸਾਲ ਫਰਵਰੀ ਵਿੱਚ ਚੰਡੀਗੜ੍ਹ ਹੋਟਲ ਵਿੱਚ ਕੁੱਟਿਆ ਸੀ। ਭਾਜਪਾ ਵਿਧਾਇਕ ਦਾ ਫੋਨ ਬੰਦ ਆ ਰਿਹਾ ਹੈ।