ਪੱਤਰ ਪ੍ਰੇਰਕ
ਟੋਹਾਣਾ, 26 ਜੂਨ
ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ ’ਤੇ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਨੌਜਵਾਨਾਂ, ਬਜ਼ੁਰਗਾਂ ਤੇ ਬੱਚਿਆਂ ਨੇ ਸਾਈਕਲ ਰੈਲੀਆਂ ਕੱਢੀਆਂ। ਇਸੇ ਤਹਿਤ ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਵੱਲੋਂ ਕਰਵਾਈ ਗਈ ਸਾਈਕਲ ਰੈਲੀ ਵਿੱਚ ਡੀਸੀ ਮਹਾਂਵੀਰ ਕੌਸ਼ਿਕ, ਵਿਧਾਇਕ ਦੁੜਾਰਾਮ ਤੇ ਹੋਰ ਅਧਿਕਾਰੀ ਸ਼ਾਮਲ ਹੋਏ। ਬਾਲ ਭਵਨ ਤੋਂ ਸ਼ੁਰੂ ਹੋਈ ਰੈਲੀ ਸਰਕਾਰੀ ਹਸਪਤਾਲ, ਪਪੀਹਾ ਪਾਰਕ, ਲਾਲਬੱਤੀ ਚੌਕ, ਪੁਰਾਣੇ ਬੱਸ ਸਟੈਂਡ ਰੋਡ ਤੇ ਜਗਜੀਵਨਪੁਰਾ ਚੌਕ ਵਿੱਚ ਪੁੱਜੀ, ਜਿਥੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤੋਂ ਇਲਾਵਾ ਖੇਡ ਤੇ ਯੁਵਾ ਪ੍ਰੋਗਰਾਮ ਵਿਭਾਗ ਵੱਲੋਂ ਭੋੜੀਆਂ ਖੇੜਾ ਖੇਡ ਸਟੇਡੀਅਮ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਟੋਹਾਣਾ ਵਿੱਚ ਡੀਐੱਸਪੀ ਬਿਰਮ ਸਿੰਘ ਦੀ ਅਗਵਾਈ ਵਿੱਚ ਕੌਂਚੀ ਚੌਕ ਤੋਂ ਸਾਈਕਲ ਰੈਲੀ ਸ਼ੁਰੂ ਹੋਈ ਜੋ ਬਰਾੜ ਚੌਕ, ਅਗਰਸੈਨ ਚੌਕ, ਕੁੜਾਰਾਮ ਚੌਕ, ਨਹਿਰੁੂ ਮਾਰਕੀਟ ਤੇ ਕਲਪਨਾ ਚਾਵਲਾ ਪਾਰਕ ਵਿੱਚ ਪਹੁੰਚੀ, ਜਿਥੇ ਬੱਚਿਆਂ ਨੂੰ ਸਾਈਕਲ ਸਵਾਰਾਂ ਨੇ ਨਸ਼ਾ ਨਾ ਕਰਨ ਲਈ ਸਹੁੰ ਚੁਕਾਈ।
ਨਰਾਇਣਗੜ੍ਹ (ਪੱਤਰ ਪ੍ਰੇਰਕ): ਨਰਾਇਣਗੜ੍ਹ ਦੇ ਸਰਕਾਰੀ ਸੰਸਕ੍ਰਿਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਡੀਐੱਸਪੀ ਅਨਿਲ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਤੇ ਸਾਬਕਾ ਪ੍ਰੋਫੈਸਰ ਡਾਕਟਰ ਅਰੂਣ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਡੀਐੱਸਪੀ ਅਨਿਲ ਕੁਮਾਰ ਨੇ ਹਾਜ਼ਰ ਅਧਿਆਪਕਾਂ ਨੂੰ ਨਸ਼ਾ ਵਿਰੋਧੀ ਦਿਵਸ ਸਬੰਧੀ ਸੰਖੇਪ ਵਿੱਚ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਵਿੱਚ ਖੁਦ ਜਾਗਰੂਕ ਹੋ ਕੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਕੱਲ੍ਹ ਬੱਚੇ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਵਿੱਚ ਫਸਦੇ ਜਾ ਰਹੇ ਹਨ ਜਿਨ੍ਹਾਂ ਵੱਲ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਇਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਨੇ ਅਧਿਆਪਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲ ਵਿੱਚ ਆਉਣ ਵਾਲੇ ਬੱਚਿਆਂ ਨੂੰ ਇਸ ਬਾਰੇ ਰੋਜ਼ਾਨਾ ਜਾਗਰੂਕ ਕਰਨ ਤਾਂ ਕਿ ਬੱਚਿਆਂ ਵਿੱਚ ਸੁਧਾਰ ਹੋ ਸਕੇ ਅਤੇ ਬੱਚੇ ਗਲਤ ਸੰਗਤ ਵਿੱਚ ਨਾ ਪੈਣ। ਸਾਬਕਾ ਪ੍ਰੋਫੈਸਰ ਡਾਕਟਰ ਅਰੁਣ ਕੁਮਾਰ ਨੇ ਵੀ ਨਸ਼ਾ ਵਿਰੋਧੀ ਦਿਵਸ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣਾ ਤਜੁਰਬਾ ਅਧਿਆਪਕਾਂ ਨਾਲ ਸਾਂਝਾ ਕੀਤਾ।
ਜੂਡੋ ਖਿਡਾਰੀਆਂ ਨੇ ਨਸ਼ੇ ਨਾ ਕਰਨ ਦੀ ਸਹੁੰ ਚੁੱਕੀ
ਪਿੰਡ ਭੇਰੀਆ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਡਾ. ਅਵਨੀਤ ਵੜੈਚ।
ਪਿਹੋਵਾ (ਪੱਤਰ ਪ੍ਰੇਰਕ): ਪਿੰਡ ਭੇਰੀਆ ਦੇ ਮਿਨੀ ਸਪੋਰਟਸ ਸਟੇਡੀਅਮ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਜਿਸ ਵਿੱਚ ਜੂਡੋ ਖਿਡਾਰੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਪ੍ਰੋਗਰਾਮ ਵਿਚ ਖਿਡਾਰੀਆਂ ਨੂੰ ਨਸ਼ਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਡਾ. ਅਵਨੀਤ ਵੜੈਚ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖਿਡਾਰੀ ਨੂੰ ਕਦੇ ਵੀ ਖੇਡ ਵਿੱਚ ਸਫਲ ਹੋਣ ਲਈ ਗਲਤ ਆਦਤਾਂ ਅਤੇ ਤਰੀਕਿਆਂ ਦਾ ਸ਼ਾਰਟਕੱਟ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਖੇਡ ਮੰਤਰੀ ਸੰਦੀਪ ਸਿੰਘ ਹਰਿਆਣੇ ਦੇ ਖਿਡਾਰੀਆਂ ਅਤੇ ਖੇਡਾਂ ਨੂੰ ਉੱਚ ਪੱਧਰ ’ਤੇ ਲਿਜਾਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਡਾ. ਅਵਨੀਤ ਨੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਉਦਾਹਰਣਾਂ ਦੇ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ। ਇਸ ਮੌਕੇ ਐਡਵੋਕੇਟ ਰਾਜੇਸ਼ ਸ਼ਰਮਾ, ਅਮਿਤ ਗੋਇਲ, ਡਾ. ਵਰੁਣ ਅਗਰਵਾਲ, ਪ੍ਰਭੂ ਤਲਵਾੜ, ਸਪਰਸ਼ ਭੁਟਾਨੀ, ਜੂਡੋ ਕੋਚ ਰਾਮ ਨਿਵਾਸ, ਪਰਸ਼ੂਰਾਮ, ਬਲਜੀਤ ਸੈਣੀ, ਮੰਗਤਰਾਮ, ਜਸਵੰਤ ਸਿੰਘ, ਅਮਰਜੀਤ ਵੀ ਮੌਜੂਦ ਸਨ।