ਮੁੰਬਈ, 26 ਜੂਨ
ਅਦਾਕਾਰ ਪੰਕਜ ਤ੍ਰਿਪਾਠੀ ਨੇ ਅੱਜ ਇੱਥੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਨਾਰਕੋਟਿਕ ਕੰਟਰੋਲ ਬਿਊਰੋ(ਐੱਨਸੀਬੀ) ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਨਸੀਬੀ ਪਟਨਾ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਅਦਾਕਾਰ ਨੇ ਕਿਹਾ, ‘‘ਐੱਨਸੀਬੀ ਅਧਿਕਾਰੀਆਂ ਨੇ ਇਸ ਮੁੱਦੇ ਦੇ ਨਾਲ ਹੀ ਬਿਹਾਰ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਹੈ ਅਤੇ ਮੈਂ ਨਿੱਜੀ ਤੌਰ ’ਤੇ ਇਨ੍ਹਾਂ ਮੁਹਿੰਮਾਂ ਅਤੇ ਜਾਗਰੂਕਤਾ ਫੈਲਾਉਣ ਦੇ ਕਾਰਜ ਵਿੱਚ ਆਪਣਾ ਸਮਰਥਨ ਦੇਣ ਵਿੱਚ ਦਿਲਚਸਪੀ ਰੱਖਦਾ ਹਾਂ।’’ ਪੰਕਜ ਨੇ ਕਿਹਾ ਕਿ ਆਪਣੇ ਫਰਜ਼ ਨੂੰ ਨਿਭਾਉਣਾ ਉਸ ਦੀ ਸਮਾਜਿਕ ਜ਼ਿੰਮੇਵਾਰੀ ਹੈ। ਉਸ ਨੇ ਕਿਹਾ, ‘‘ਸਿਨੇਮਾ ਨੌਜਵਾਨਾਂ ਦੇ ਪਸੰਦੀਦਾ ਮਾਧਿਅਮਾਂ ਵਿੱਚੋਂ ਇੱਕ ਹੈ ਅਤੇ ਇੱਕ ਅਦਾਕਾਰ ਵਜੋਂ ਜੇਕਰ ਉਹ ਕੋਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਦਾ ਹੈ ਤਾਂ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕਦੀ ਹੈ ਅਤੇ ਇਸ ਦਾ ਉਨ੍ਹਾਂ ’ਤੇ ਵੱਧ ਪ੍ਰਭਾਵ ਪੈ ਸਕਦਾ ਹੈ। ਇੱਕ ਅਦਾਕਾਰ ਅਤੇ ਇੱਕ ਨਾਗਰਿਕ ਵਜੋਂ ਇਹ ਮੇਰੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਮੈਂ ਜਿੰਨਾ ਹੋ ਸਕਿਆ ਆਪਣਾ ਫਰਜ਼ ਨਿਭਾਵਾਂਗਾ।’’ -ਆਈਏਐੱਨਐੱਸ