ਐੱਨ.ਪੀ.ਧਵਨ
ਪਠਾਨਕੋਟ, 26 ਜੂਨ
ਮਾਸਟਰ ਕਾਡਰ ਯੂਨੀਅਨ ਨੇ ਪਠਾਨਕੋਟ ਜ਼ਿਲ੍ਹੇ ਦੇ ਸਮੂਹ ਮਿਡਲ, ਹਾਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਨਖਾਹ ਕਮਿਸ਼ਨ ਅਤੇ ਵਿੱਤ ਵਿਭਾਗ ਵਲੋਂ ਜਾਰੀ ਨੋਟੀਫੀਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਰਾਕੇਸ਼ ਸ਼ਰਮਾ, ਵਿੱਤ ਸਕੱਤਰ ਰਾਕੇਸ਼ ਮਹਾਜਨ, ਬਲਾਕ ਪ੍ਰਧਾਨ ਪਵਨ ਸ਼ਰਮਾ ਅਤੇ ਨਰੇਸ਼ ਸੈਣੀ ਨੇ ਦੱਸਿਆ ਕਿ ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਮਾਸਟਰ ਕਾਡਰ ਦਾ ਸਕੇਲ ਘੱਟ ਕਰਕੇ 2.25 ਅਨੁਪਾਤ ਨਾਲ ਉਨ੍ਹਾਂ ਦੀ ਤਨਖਾਹ ਫਿਕਸ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਹੈ। ਜਿਸ ਰਾਹੀਂ ਮਾਸਟਰ ਕਾਡਰ ਅਧਿਆਪਕਾਂ ਦੇ ਸਕੇਲ ਅਤੇ ਸਟੇਟਸ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਯੂਨੀਅਨ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਸੂਬਾ ਪੱਧਰੀ ਰੈਲੀਆਂ ਉਦੋਂ ਤੱਕ ਜਾਰੀ ਰਹਿਣਗੀਆਂ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ।