ਨਵੀਂ ਦਿੱਲੀ, 27 ਜੂਨ
ਸਰਕਾਰ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਮੁੱਦੇ ‘ਤੇ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖਰੇ ਨਿਯਮ ਅਤੇ ਪ੍ਰਬੰਧਕੀ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਸੂਤਰਾਂ ਨੇ ਦੱਸਿਆ ਕਿ ਇਸ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ 2021 ਦੇ ਬਜਟ ਭਾਸ਼ਨ ਦੌਰਾਨ ਕੀਤਾ ਸੀ, ਜਿਸ ਤੋਂ ਬਾਅਦ ਨੀਤੀ ਆਯੋਗ ਨੇ ਅਪਰੈਲ ਵਿੱਚ ਨਿੱਜੀਕਰਨ ਲਈ ਕੁਝ ਬੈਂਕਾਂ ਦੇ ਨਾਮ ਪੇਸ਼ ਕੀਤੇ, ਜੋ ਕੈਬਨਿਟ ਸੱਕਤਰ ਦੀ ਅਗਵਾਈ ਵਿੱਚ ਨਿਵੇਸ਼ ਬਾਰੇ ਸਮੂਹ ਦੇ ਸਕੱਤਰਾਂ ਨੂੰ ਦਿੱਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ 24 ਜੂਨ ਨੂੰ ਹੋਈ ਇਸ ਉੱਚ-ਪੱਧਰੀ ਬੈਠਕ ਵਿੱਚ ਨੀਤੀ ਆਯੋਗ ਦੀਆਂ ਸਿਫ਼ਾਰਸ਼ਾਂ ’ਤੇ ਵਿਚਾਰ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਨਿੱਜੀਕਰਨ ਹੋਣ ਵਾਲੇ ਬੈਂਕਾਂ ਦੇ ਕਰਮਚਾਰੀਆਂ ਦੇ ਹਿੱਤਾਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ। ਇਹ ਮਾਮਲਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਨੂੰ ਅੰਤਮ ਮਨਜ਼ੂਰੀ ਲਈ ਭੇਜਿਆ ਜਾਵੇਗਾ। ਸੂਤਰਾਂ ਮੁਤਾਬਕ ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਦਾ ਨਿੱਜੀਕਰਨ ਹੋ ਸਕਦਾ ਹੈ।