ਪੱਤਰ ਪ੍ਰੇਰਕ
ਬਠਿੰਡਾ, 26 ਜੂਨ
ਇਥੇ ਵਿਸ਼ਵ ਭਰ ’ਚ ਮਨਾਏ ਗਏ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੀ ਇਸ ਲੜੀ ਤਹਿਤ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਲੋਂ ਇੰਸਪੈਕਟਰ ਜਨਰਲ ਬਠਿੰਡਾ ਰੇਂਜ਼ ਜਸਕਰਨ ਸਿੰਘ ਤੇ ਸੀਨੀਅਰ ਕਪਤਾਨ ਪੁਲੀਸ ਸ. ਭੁਪਿੰਦਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਨੂੰ ਪੁਲੀਸ ਲਾਈਨ ਤੋਂ ਸਵੇਰੇ ਐੱਸਐੱਸਪੀ ਵਿਰਕ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪੁਲੀਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ ਸਮੇਤ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀਆਂ ਤੇ ਪੰਜਾਬ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ, ਬਠਿੰਡਾ ਸਾਈਕਲਿੰਗ ਗਰੁੱਪ ਦੀ ਟੀਮ ਅਤੇ ਨੌਜਵਾਨਾਂ ਨੇ ਭਾਗ ਲਿਆ। ਇਹ ਸਾਈਕਲ ਰੈਲੀ ਮਾਡਲ ਟਾਊਨ, ਘੋੜੇ ਵਾਲਾ ਚੌਂਕ, ਫੌਜੀ ਚੌਂਕ ਤੋਂ ਤਿੰਨ ਕੋਣੀ ਤੋਂ ਅਮਰੀਕ ਸਿੰਘ ਰੋਡ ਤੋਂ ਹੁੰਦੇ ਹੋਏ ਫਾਇਰ ਬਿਗ੍ਰੇਡ ਚੌਕ ਵਿੱਚ ਸਮਾਪਤ ਹੋਈ।
ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਇਥੇ ਪੁਲੀਸ ਪੁਲੀਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੱਦੇਨਜ਼ਰ ਰੈਡ ਕਰਾਸ ਭਵਨ ਤੋਂ ਦੋਦਾ ਤੱਕ ਇਕ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਸਾਈਕਲ ਚਾਲਕਾਂ ਨੇ ਨਸ਼ਾ ਵਿਰੋਧੀ ਬੈਨਰ ਲਾਏ ਹੋਏ ਸਨ। ਇਸ ਮੌਕੇ ਪੁਲੀਸ ਅਧਿਕਾਰੀ ਸੁਭਾਸ਼ ਅਰੋੜਾ, ਹੇਮੰਤ ਕੁਮਾਰ ਸ਼ਰਮਾ ਹੋਰਾਂ ਨੇ ਸਾਈਕਲ ਚਾਲਕਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੱਦਾ ਦਿੱਤਾ। ਪਿੰਡ ਦੋਦਾ ਵਿੱਖੇ ਪਿੰਡ ਵਾਸੀਆਂ ਵੱਲੋਂ ਸਾਈਕਲ ਚਾਲਕਾਂ ਦਾ ਸਾਵਗਤ ਕਰਦਿਆਂ ਰਿਫਰੈਸ਼ਨਮੈਂਟ ਦਿੱਤੀ ਗਈ। ਇਸ ਦੌਰਾਨ ਮੁਕਤੀਸਰ ਸਾਈਕਲ ਰਾਇਡਰਜ਼ ਦੇ ਬੁਲਾਰੇ ਨੇ ਦੱਸਿਆ ਕਿ ਭਲਕੇ ਮਿਲਖਾ ਸਿੰਘ ਦੀ ਯਾਦ ਵਿੱਚ 91 ਕਿਲੋਮੀਟਰ ਸਾਇਕਲ ਰੈਲੀ ਵੀ ਕੱਢੀ ਜਾਏਗੀ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਨਿਹਾਲ ਸਿੰਘ ਵਾਲਾ ਵਿੱਚ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲਾਈਵ ਭਾਸ਼ਣ ਸੁਣਿਆ ਗਿਆ।
ਸਥਾਨਕ ਸੈਕੰਡਰੀ ਸਕੂਲ ਵਿੱਚ ਹੋਏ ਲਾਈਵ ਪ੍ਰੋਗਰਾਮ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਦੀ ਰੋਕਥਾਮ,ਪ੍ਰਾਪਤੀਆਂ ਤੇ ਜਾਗਰੂਕਤਾ ਬਾਰੇ ਲਾਈਵ ਸਮਾਗਮ ਸਮੇਂ ਬੀਬੀ ਰਾਜਵਿੰਦਰ ਕੌਰ ਭਾਗੀਕੇ, ਤਹਿਸੀਲਦਾਰ ਭੁਪਿੰਦਰ ਸਿੰਘ, ਸਿਆਸੀ ਸਕੱਤਰ ਰੁਪਿੰਦਰ ਸਿੰਘ ਦੀਨਾ, ਅਜਮੇਰ ਸਿੰਘ ਭਾਗੀਕੇ, ਲੈਕਚਰਾਰ ਜਗਤਾਰ ਸਿਂੰਘ ਸੈਦੋਕੇ,ਰੀਡਰ ਰਵਿੰਦਰ ਸਿੰਘ ਤੇ ਨਛੱਤਰ ਸਿੰਘ ਯੋਧਾ ਆਦਿ ਮੌਜੂਦ ਸਨ।
ਮਾਨਸਾ (ਨਿੱਜੀ ਪੱਤਰ ਪ੍ਰੇਰਕ): ਪਹਿਲ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਤਸਕਰੀ ਅਤੇ ਨਸ਼ਾ ਵਿਰੋਧੀ ਦਿਵਸ ਮੌਕੇ ਇੱਕ ਸੈਮੀਨਾਰ ਨਵੀਂ ਸਵੇਰ ਕੌਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਮਾਨਸਾ ਵਿੱਚ ਕਰਵਾਇਆ ਗਿਆ।
ਪੁਲੀਸ ਨੇ ਮੈਰਾਥਨ ਕਰਵਾਈ
ਫਾਜ਼ਿਲਕਾ (ਪਰਮਜੀਤ ਸਿੰਘ): ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਮੈਰਾਥਨ ਦੌੜ ਕਰਵਾਈ ਗਈ ਹੈ। ਇਸ ਮੌਕੇ ਐੱਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਪੁਲੀਸ ਵੱਲੋਂ 1 ਜਨਵਰੀ ਤੋਂ 25 ਜੂਨ 2021 ਤੱਕ ਐੱਨਡੀਪੀਐੱਸ ਐਕਟ ਅਧੀਨ 191 ਕੇਸ ਰਜਿਸਟਰ ਕਰਕੇ 263 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਪੁਲੀਸ ਵੱਲੋਂ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਨਸ਼ਾ ਤਸਕਰਾਂ ’ਤੇ ਨੱਥ ਪਾਉਣ ਲਈ ਮੁਹਿੰਮਾਂ ਜਾਰੀ ਜਾਣਗੀਆਂ।