ਦਿਲਬਾਗ ਸਿੰਘ ਗਿੱਲ
ਅਟਾਰੀ, 27 ਜੂਨ
ਪੁਲੀਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਅਟਾਰੀ ਵਿੱਚ ਦੁਕਾਨਦਾਰ ਅਤੇ ਕੋਲਡ ਡਰਿੰਕਸ ਦੇ ਸਪਲਾਇਰ ਵਿਚਕਾਰ ਤਕਰਾਰ ਹੋਣ ਕਾਰਨ ਕੋਲਡ ਡਰਿੰਕਸ ਸਪਲਾਇਰ ਨੇ ਗੁੱਸੇ ਵਿੱਚ ਆ ਕੇ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੁਕਾਨਦਾਰ ਗੰਭੀਰ ਫੱਟੜ ਹੋ ਗਿਆ। ਚੌਕੀ ਇੰਚਾਰਜ ਕਾਹਨਗੜ੍ਹ ਰਾਜਬੀਰ ਸਿੰਘ ਨੇ ਫੱਟੜ ਦੁਕਨਦਾਰ ਰਮਨ ਕੁਮਾਰ ਭੰਡਾਰੀ ਵਾਸੀ ਅਟਾਰੀ ਦੇ ਬਿਆਨਾਂ ਅਨੁਸਾਰ ਦੱਸਿਆ ਕਿ ਰਮਨ ਕੁਮਾਰ ਭੰਡਾਰੀ, ਜੱਸ ਕੋਕਾ ਕੋਲਾ ਵਾਲੇ ਕੋਲੋਂ ਕੋਲਡ ਡਰਿੰਕਸ ਦੀ ਸਪਲਾਈ ਲੈਂਦਾ ਸੀ। ਕਿਸੇ ਕਾਰਨ ਪੀੜਤ ਨੇ ਉਸ ਕੋਲੋਂ ਸਪਲਾਈ ਨਹੀਂ ਲਈ ਤਾਂ ਦੋਹਾਂ ਵਿਚਾਲੇ ਫੋਨ ’ਤੇ ਤਕਰਾਰਬਾਜ਼ੀ ਹੋ ਗਈ। ਇਸ ਉਪਰੰਤ ਜੱਸ ਐਕਟਿਵਾ ’ਤੇ ਸਵਾਰ ਹੋ ਕੇ ਵਿਪਨ ਨਾਂ ਦੇ ਵਿਅਕਤੀ ਨੂੰ ਨਾਲ ਲੈ ਕੇ ਭੰਡਾਰੀ ਕਰਿਆਨਾ ਸਟੋਰ ’ਤੇ ਪਹੁੰਚ ਗਿਆ ਤੇ ਰਮਨ ਨੂੰ ਦੁਕਾਨ ’ਚੋਂ ਬਾਹਰ ਆਉਣ ਲਈ ਵੰਗਾਰਿਆ।
ਰਮਨ ਦੇ ਬਾਹਰ ਆਉਣ ’ਤੇ ਜੱਸ ਨੇ ਆਪਣੇ ਹੱਥ ਵਿੱਚ ਫੜੇ ਪਿਸਤੌਲ ਨਾਲ ਗੋਲੀ ਹਵਾ ਵਿੱਚ ਚਲਾਈ ਤੇ ਦੂਜੀ ਗੋਲੀ ਕਥਿਤ ਤੌਰ ’ਤੇ ਪੀੜਤ ਦੇ ਪੱਟ ਵਿੱਚ ਮਾਰ ਦਿੱਤੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਉਪਰੰਤ ਉਹ ਤੀਜੀ ਗੋਲੀ ਮਾਰਨ ਲਗਾ ਸੀ ਕਿ ਨਾਲ ਆਏ ਵਿਅਕਤੀ ਨੇ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਉਪਰ ਵੱਲ ਨੂੰ ਕਰ ਦਿੱਤਾ। ਇਹ ਕਾਰਵਾਈ ਕਰਨ ਉਪਰੰਤ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ। ਚੌਕੀ ਇੰਚਾਰਜ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਫੱਟੜ ਹੋਏ ਦੁਕਾਨਦਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।