ਪਾਲ ਸਿੰਘ ਨੌਲੀ
ਜਲੰਧਰ, 27 ਜੂਨ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਹੋਏ ਇਜਲਾਸ ਦੌਰਾਨ ਅਗਲੇ ਤਿੰਨ ਸਾਲਾਂ ਲਈ ਫੈਡਰੇਸ਼ਨ ਦੀ 15 ਮੈਂਬਰੀ ਆਹੁਦੇਦਾਰਾਂ ਦੀ ਸਕੱਤਰਰੇਤ ਸਮੇਤ ਕੁੱਲ 45 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਜਰਮਨਜੀਤ ਸਿੰਘ ਪ੍ਰਧਾਨ, ਹਰਦੀਪ ਟੋਡਰਪੁਰ ਜਨਰਲ ਸਕੱਤਰ, ਹਰਿੰਦਰ ਦੁਸਾਂਝ ਵਿੱਤ ਸਕੱਤਰ, ਸੱਤਪਾਲ ਭੈਣੀ, ਗੁਰਮੀਤ ਸੁਖਪੁਰ, ਜਗਦੇਵ ਸਿੰਘ ਮਾਨਸਾ ਅਤੇ ਕਮਲਜੀਤ ਕੌਰ ਪੱਤੀ ਮੀਤ ਪ੍ਰਧਾਨ, ਲਖਵਿੰਦਰ ਕੌਰ ਫਰੀਦਕੋਟ ਜਥੇਬੰਦਕ ਸਕੱਤਰ, ਪਰਮਜੀਤ ਕੌਰ ਮਾਨ ਤੇ ਬਲਵੀਰ ਸਿਵੀਆਂ ਜੁਆਇੰਟ ਸਕੱਤਰ, ਅਜੀਬ ਦਿਵੇਦੀ ਪ੍ਰੈੱਸ ਸਕੱਤਰ, ਪਰਵੀਨ ਸ਼ਰਮਾਂ ਸਹਾਇਕ ਵਿੱਤ ਸਕੱਤਰ, ਸੁਖਵਿੰਦਰ ਸਿੰਘ ਲੀਲ ਸਹਾਇਕ ਪ੍ਰੈੱਸ ਸਕੱਤਰ ਅਤੇ ਬਲਵਿੰਦਰ ਕੌਰ ਰਾਵਲਪਿੰਡੀ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਜਲਾਸ ਦੌਰਾਨ ਭਰਾਤਰੀ ਸੰਦੇਸ਼ ਦੇਣ ਪੁੱਜੇ ਪੰਜਾਬ ਸੂਬਾਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਨਵੀਂ ਚੁਣੀ ਲੀਡਰਸ਼ਿਪ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਇਸ ਤੋਂ ਪਹਿਲਾਂ ਜਥੇਬੰਦੀ ਦੇ ਦੂਸਰੇ ਜੱਥੇਬੰਦਕ ਇਜਲਾਸ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਵੜੈਚ, ਮੁਕੇਸ਼ ਗੁਜਰਾਤੀ, ਮਮਤਾ ਸ਼ਰਮਾਂ, ਬਲਰਾਜ ਮੌੜ, ਰਛਪਾਲ ਸਿੰਘ, ਪਰਮਜੀਤ ਕੌਰ ਮਾਨ, ਗੁਰਮੀਤ ਸੁਖਪੁਰ, ਜੁਗਰਾਜ ਟੱਲੇਵਾਲ, ਗੁਰਪਿਆਰ ਕੋਟਲੀ ਅਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕੀਤੀ। ਇਜਲਾਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਪਾਸੋਂ ਹਰੇਕ ਵਿਭਾਗ ਦੇ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਪੱਕਾ ਕਰਨ, ਮਿੱਡ-ਡੇਅ-ਮੀਲ ਅਤੇ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਉਣ, ਛੇਵੇਂ ਪੇਅ-ਕਮਿਸ਼ਨ ਦੀਆਂ ਸਾਰੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਨੂੰ ਰੱਦ ਕਰਨ, 01-01-04 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸਰਕਾਰੀ ਅਦਾਰਿਆਂ ਅੰਦਰ ਗਰੁੱਪ-ਸੀ ਤੇ ਗਰੁੱਪ-ਡੀ ਮੁਲਾਜ਼ਮਾਂ ਦੀਆਂ ਇੱਕ ਲੱਖ ਤੋਂ ਵੀ ਵਧੇਰੇ ਖਾਲੀ ਪਈਆਂ ਪੋਸਟਾਂ ਨੂੰ ਰੈਗੂਲਰ ਭਰਨ ਅਤੇ ਭਰਤੀ ਸਮੇਂ ਤਿੰਨ ਸਾਲ ਤੱਕ ਮੁਢਲੀ ਤਨਖਾਹ ਦੇਣ ਦੀ ਬਜਾਏ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਗਈ। ਇਸ ਸਮੇਂ ਇਨਕਲਾਬੀ ਟਰੇਡ ਯੂਨੀਅਨਇਜ਼ਮ ਨੂੰ ਮਜ਼ਬੂਤ ਕਰਕੇ ਪਿਸ ਰਹੇ ਲੋਕਾਂ ਨੂੰ ਸੰਘਰਸ਼ ਦੇ ਪਿੜਾਂ ਅੰਦਰ ਲੈ ਕੇ ਆਉਣ ਦੀ ਲੋੜ ਹੈ।