ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 27 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ’ਚ ਜ਼ਿਲ੍ਹੇ ਭਰ ਵਿੱਚ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਜ਼ੋਨ ਬਾਬਾ ਨੋਧ ਸਿੰਘ ਦੀ ਮੀਟਿੰਗ ਪਿੰਡ ਚੱਬਾ ਵਿੱਚ ਹੋਈ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ ਤੇ ਲਗਾਤਾਰ ਵਿਸ਼ਾਲ ਹੋ ਕੇ ਸਫ਼ਲਤਾ ਵੱਲ ਵਧ ਰਿਹਾ ਹੈ। ਇਸ ਮੋਰਚੇ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਲੋਕਤੰਤਰ ਨੀਤੀ ਕਾਇਮ ਰੱਖਦਿਆਂ ਲੋਕਾਂ ਦੀ ਗੱਲ ਸੁਣ ਕੇ ਕਿਸਾਨ ਮਜ਼ਦੂਰ ਮਾਰੂ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ।
ਮੀਟਿੰਗ ਉਪਰੰਤ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੰਵਲਜੀਤ ਸਿੰਘ ਵੰਨ ਚੜ੍ਹੀ, ਮਨਰਾਜ ਸਿੰਘ ਵੱਲਾ, ਗੁਰਦੇਵ ਸਿੰਘ ਵਰਪਾਲ, ਗੁਰਲਾਲ ਸਿੰਘ ਮਾਨ, ਹਰਦੇਵ ਸਿੰਘ ਸਾਂਘਣਾ, ਹਰੀ ਸਿੰਘ, ਸਰੂਪ ਸਿੰਘ ਚਾਟੀਵਿੰਡ ਹਾਜ਼ਰ ਸਨ।
ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਭੁਲੱਥ (ਦਲੇਰ ਸਿੰਘ ਚੀਮਾ): ਕਸਬਾ ਨਡਾਲਾ ਵਿਚੋਂ ਅੱਜ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦਾ ਜਥਾ ਦਿੱਲੀ ਬਾਰਡਰ ’ਤੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਇਆ। ਪ੍ਰਧਾਨ ਨਿਸ਼ਾਨ ਸਿੰਘ ਤੇ ਗੁਰਵਿੰਦਰ ਸਿੰਘ ਬਾਜਵਾ ਭੁਲੱਥ ਨੇ ਦੱਸਿਆ ਕਿ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਮੋਦੀ ਤੇ ਖੱਟਰ ਸਰਕਾਰ ਦੀਆਂ ਵਧੀਕੀਆਂ ਦੇ ਬਾਵਜੂਦ ਖੇਤੀ ਕਾਨੂੰਨਾਂ ਖ਼ਿਲਾਫ਼ ਅੜੇ ਹੋਏ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਇਹ ਭੁਲੇਖਾ ਕੱਢ ਦੇਵੇ ਕਿ ਸੰਘਰਸ਼ ਲੰਮਾ ਹੋਣ ਕਿਸਾਨ ਨਿਰਾਸ਼ ਹੋ ਗਏ ਹਨ।