ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 27 ਜੂਨ
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ ਅੱਜ ਜੀਟੀ ਰੋਡ ਉਮਰੀ ’ਤੇ ਸਥਿਤ ਹੋਟਲ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਉਤਸ਼ਾਹਿਤ ਕਰਨ ਲਈ ਇਥੇ ਪਹੁੰਚੇ ਤੇ ਉਨ੍ਹਾਂ ਰਾਮ ਸਿੰਘ ਰਾਣਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਪਰਿਵਾਰ ਦੀ ਪੂਰੀ ਰਾਖੀ ਕਰੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਲਈ ਔਰਤਾਂ ਕਿਸੇ ਵੀ ਕੁਰਬਾਨੀ ਲਈ ਤਿਆਰ ਹਨ। ਉਹ ਇਸ ਅੰਦੋਲਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਅੰਦੋਲਨਕਾਰੀ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਹਰ ਫਰੰਟ ‘ਤੇ ਸਮਰਥਨ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਕਿਸੇ ਵੀ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਇਥੇ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੀਆਂ ਹਨ ਅਤੇ ਆਮ ਆਦਮੀ ‘ਤੇ ਅੱਤਿਆਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਖ਼ਤਮ ਕਰਨ ‘ਤੇ ਤੁਲਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਕਰਨਾਲ ਦੇ ਕੌਮੀ ਪ੍ਰਧਾਨ ਅਨੁਰਾਧਾ ਭਾਰਗਵ ਐਡਵੋਕੇਟ ਨੇ ਦੱਸਿਆ ਕਿ ਹੋਟਲ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਵਿਚ ਨਿਰਸਵਾਰਥ ਸੇਵਾ ਕਰ ਰਹੇ ਹਨ। ਇਸ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਮ ਸਿੰਘ ਰਾਣਾ ਦੇ ਹੋਟਲ ਗੋਲਡਨ ਹੱਟ ਦੇ ਬਾਹਰ ਬੈਰੀਕੇਡਿੰੰਗ ਕਰਵਾ ਦਿੱਤੀ ਹੈ ਤਾਂ ਜੋ ਜੀਟੀ ਰੋਡ ਤੋਂ ਲੰਘਣ ਵਾਲੇ ਵਾਹਨ ਉਸ ਕੋਲ ਨਾ ਜਾ ਸਕਣ ਅਤੇ ਉਸ ਦਾ ਕਾਰੋਬਾਰ ਠੱਪ ਹੋ ਜਾਵੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਅਤੇ ਹਰਿਆਣਾ ਰਾਜ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਨੇ ਉਨ੍ਹਾਂ ਨੂੰ ਹੋਟਲ ਦੇ ਬਾਹਰ ਪ੍ਰਸ਼ਾਸਨ ਵੱਲੋਂ ਕੀਤੀ ਬੈਰੀਕੇਡਿੰਗ ਵਿਖਾਈ, ਜਿਸ ਦੀ ਸਾਰਿਆਂ ਵੱਲੋਂ ਸਖਤ ਨਿਖੇਧੀ ਕੀਤੀ ਗਈ। ਇਸ ਮੌਕੇ ਮਨਜੀਤ ਕੌਰ, ਮਨਦੀਪ ਕੌਰ, ਹਰਜਿੰਦਰ ਕੌਰ, ਸੁਰਿੰਦਰ ਕੌਰ, ਪੁਨੀਤ ਕੌਰ, ਸੋਨਾ ਦੇਵੀ, ਅਰਚਨਾ ਢੀਂਗਰਾ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ ਤੇ ਜਸਬੀਰ ਕੌਰ ਆਦਿ ਹਾਜ਼ਰ ਸਨ।