ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਜੂਨ
ਸ਼ਹਿਰ ਦੀ ਕੱਪੜਾ ਮਾਰਕੀਟ ਸਥਿਤ ਜੇਜੇ ਟੈਕਸਟਾਈਲਜ਼ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਸ਼ੋਅਰੂਮ ਵਿਚ ਪਿਆ ਲੱਖਾਂ ਰੁਪਏ ਮੁੱਲ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਤਿੰਨ ਮੰਜ਼ਿਲਾ ਸ਼ੋਅਰੂਮ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਲੋਕਾਂ ਦੀ ਭੀੜ ਲੱਗ ਗਈ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ’ਤੇ ਕਾਬੂ ਪਾਉਣ ਵਿਚ ਜੁਟ ਗਏ। ਸ਼ੁਰੂਆਤੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਸ਼ੋਅਰੂਮ ਦੇ ਮਾਲਕ ਪ੍ਰੇਮ ਰਤਨ ਗੋਸਾਈਂ ਨੇ ਦੱਸਿਆ ਕਿ ਰਾਤ ਉਨ੍ਹਾਂ ਨੂੰ ਜਿਉਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਉਹ ਤੁਰੰਤ ਦੁਕਾਨ ’ਤੇ ਪਹੁੰਚੇ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਚੁੱਕੀਆਂ ਸਨ। ਢਾਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਦੁਕਾਨ ਚਲਾ ਰਹੇ ਹਨ ਅਤੇ ਇਸ ਹਾਦਸੇ ਵਿਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਹੋਲਸੇਲ ਕੱਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬਤਰਾ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਰਕੀਟ ਐਸੋਸੀਏਸ਼ਨ ਦੀ ਮੀਟਿੰਗ ਬੁਲਾ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਰਕੀਟ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਕੱਸਣ ਦੀ ਬੇਨਤੀ ਕੀਤੀ ਜਾਵੇਗੀ।