ਬਹਾਦਰਜੀਤ ਸਿੰਘ
ਰੂਪਨਗਰ, 30 ਜੂਨ
ਰੂਪਨਗਰ ਨੇੜਲੇ ਘਾੜ ਇਲਾਕੇ ਦੇ ਪਿੰਡ ਪੁਰਖਾਲੀ ਤੇ ਬਿੰਦਰਖ ਦਰਮਿਆਨ ਪੈਂਦੀ ਨਦੀ ’ਤੇ ਅਜੇ ਤੱਕ ਪੁਲ ਨਾ ਬਣਾਏ ਜਾਣ ਦੇ ਰੋਸ ਵਿੱਚ ਇਲਾਕਾ ਵਾਸੀਆਂ ਨੇ ਨਦੀ ’ਤੇ ਧਰਨਾ ਦਿੱਤਾ। ਇਸ ਧਰਨੇ ਵਿੱਚ ਇਲਾਕਾ ਵਾਸੀਆਂ ਸਮੇਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਇਲਾਕੇ ਦੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਨਦੀ ’ਤੇ ਪੁਲ ਬਣਾਉਣ ਦੀ ਮੰਗ ਸਬੰਧੀ ਸਮੇਂ-ਸਮੇਂ ’ਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਮੌਕੇ ਇਸ ਨਦੀ ’ਤੇ ਪੁਲ ਬਣਾਉਣ ਲਈ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਸੀ, ਪਰ ਪੁਲ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀਆਂ ਤੋਂ ਬਾਅਦ ਕਾਂਗਰਸ ਸੱਤਾ ਵਿੱਚ ਆ ਗਈ। ਉਨ੍ਹਾਂ ਕਿਹਾ ਕਿ ਕਾਂਗਰਸੀ ਵੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਨਦੀ ’ਤੇ ਪੁਲ ਬਣਾਉਣ ਦੇ ਲਾਰੇ ਲਾਉਂਦੇ ਆ ਰਹੇ ਹਨ, ਪਰ ਨਦੀ ’ਤੇ ਪੁਲ ਦਾ ਕੰਮ ਜੇ ਤੱਕ ਸ਼ੁਰੂ ਨਹੀਂ ਸਕਿਆ। ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ, ਕੁਲਵੰਤ ਸਿੰਘ ਸੈਣੀ, ਗੁਰਇਕਬਾਲ ਸਿੰਘ ਬਰਦਾਰ , ਕੈਪਟਨ ਮੁਲਤਾਨ ਸਿੰਘ ,ਅਵਤਾਰ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੁਲ ਦੇ ਨਿਰਮਾਣ ਲਈ ਜਲਦੀ ਹੀ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨਾਲ ਧੋਖਾ ਕਮਾਉਣ ਵਾਲੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲ ਨੂੰ ਲੈ ਕੇ ਅਗਲਾ ਸੰਘਰਸ਼ ਜਲਦੀ ਸ਼ੁਰੂ ਕੀਤਾ ਜਾਵੇਗਾ ਤੇ ਅਗਲੇ ਹਫ਼ਤੇ ਕੌਮੀ ਰਾਹ ਵੀ ਜਾਮ ਕੀਤਾ ਜਾਵੇਗਾ। ਇਸ ਮੌਕੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਤੇ ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤਿੰਨ ਮਹੀਨੇ ਅੰਦਰ ਪੁਲ ਦੀ ਉਸਾਰੀ ਸ਼ੁਰੂ ਨਹੀਂ ਕਰਵਾਈ ਤਾਂ ਇਲਾਕਾ ਵਾਸੀਆਂ ਦੀ ਕਮੇਟੀ ਬਣਾ ਕੇ ਲੋਕਾਂ ਦੇ ਸਹਿਯੋਗ ਨਾਲ ਪੁਲ ਦਾ ਕੰਮ ਖੁਦ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਸ਼੍ਰੀ ਬਾਜਵਾ ਨੇ ਐਲਾਨ ਕੀਤਾ ਪੁਲ ਦਾ ਕੰਮ ਸ਼ੁਰੂ ਕਰਨ ਲਈ ਉਹ ਸਭ ਤੋਂ ਪਹਿਲਾਂ ਆਪਣੇ ਵਲੋਂ 5 ਲੱਖ ਰੁਪਏ ਦਾ ਯੋਗਦਾਨ ਪਾਉਣਗੇ। ਇਸੇ ਤਰਾਂ ਜੈਲਦਾਰ ਚੈੜੀਆਂ ਨੇ ਵੀ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪੁਲ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਮੌਕੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮਾਸਟਰ ਰਤਨ ਸਿੰਘ ਖੇੜੀ, ਲਖਵੰਤ ਸਿੰਘ ਹਿਰਦਾਪੁਰ, ਮਨਜੀਤ ਸਿੰਘ ਖਾਨਪੁਰ, ਭੁਪਿੰਦਰ ਸਿੰਘ ਬਿੰਦਰਖ ਤੇ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।