ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਬਿਜਲੀ ਦੇ ਅਨਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਮਹਿਰਾਜ਼ ਕੋਠੇ ਪਿਪਲੀ ਦੇ ਲੋਕਾਂ ਨੇ ਸਥਾਨਕ ਨਗਰ ਕੌਂਸਲ ਵਿੱਚ ਬਣੀ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਕੇ ਇਨਸਾਫ ਦੀ ਮੰਗ ਕੀਤੀ। ਵੇਰਵਿਆਂ ਅਨੁਸਾਰ ਅੱਜ ਸਵੇਰ 10 ਵਜੇ ਪਿੰਡ ਮਹਿਰਾਜ ਦੇ ਕੋਠੇ ਪਿੱਪਲੀ ਦੇ ਮੌਜੂਦਾ ਸਰਪੰਚ ਲੱਖਾ ਸਿੰਘ ਸਮੇਤ ਪੰਜ ਵਿਅਕਤੀ ਨਗਰ ਕੌਂਸਲ ਰਾਮਪੁਰਾ ਸਥਿਤ ਜਲ ਟੈਂਕੀ ’ਤੇ ਚੜ੍ਹ ਗਏ ਅਤੇ ਪਿੰਡ ਵਾਸੀਆਂ ਵੱਲੋਂ ਬਠਿੰਡਾ-ਜ਼ੀਰਕਪੁਰ ਹਾਈਵੇ ਜਾਮ ਕਰਕੇ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਕਰ ਰਹੇ ਪਿੰਡ ਮਹਿਰਾਜ਼ ਵਾਸੀ ਯੋਧਾ ਸਿਘ, ਅਮਰਜੀਤ ਸਿੰਘ, ਜਗਸੀਰ ਸਿੰਘ, ਜਸ ਪਿੱਪਲੀ ਆਦਿ ਨੇ ਦੱਸਿਆ ਕਿ ਬਿਜਲੀ ਕੱਟਾਂ ਕਾਰਨ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ। ਬਿਜਲੀ ਵਿਭਾਗ ਦਾ ਕਰਮਚਾਰੀ ਪਿੰਡ ਵਾਸੀਆਂ ਨਾਲ ਮਾੜੀ ਸ਼ਬਦਾਵਲੀ ਵਰਤਦਾ ਹੈ ਤੇ ਪਿਛਲੇ ਦਿਨੀਂ ਉਸ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਪਿੰਡ ਦੇ ਪੰਜ ਬੰਦਿਆਂ ਦੇ ਨਾਮ ਲਿਖ ਕੇ ਧਮਕੀ ਦਿੱਤੀ ਕਿ ਉਹ ਕੁਝ ਖਾਕੇ ਮਰ ਜਾਵੇਗਾ ਤੇ ਇਸ ਦੇ ਜ਼ਿਮੇਵਾਰ ਪੰਜ ਲੋਕ ਹੋਣਗੇ। ਇਸ ਗੱਲ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ ਲਖਵੀਰ ਸਿੰਘ ਲੱਖਾ, ਮਨਵੀਰ ਸਿੰਘ ਮੰਨਾ, ਬੱਬੂ ਪਿੱਪਲੀ, ਅਮਨਦੀਪ ਪਿੱਪਲੀ ‘ਤੇ ਗੈਵੀ ਪਿੱਪਲੀ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਮੌਕੇ ਤਹਿਸੀਲਦਾਰ (ਨਥਾਣਾ) ਅਮਰਜੀਤ ਸਿੰਘ ਮੌਕੇ ’ਤੇ ਪਹੁੰਚੇ ਪਰ ਧਰਨਾਕਾਰੀਆਂ ਨੇ ਸਮੱਸਿਆ ਦਾ ਹੱਲ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਸੁਣਾ ਕੇ ਉਨ੍ਹਾਂ ਨੂੰ ਮੋੜ ਦਿੱਤਾ। ਐੱਸਡੀਓ ਬਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਿਲਣ ਵਾਲਾ ਬਿਜਲੀ ਦਾ ਕੋਟਾ ਘਟਾ ਦਿੱਤਾ ਗਿਆ ਹੈ ਜਿਸ ਕਾਰਨ ਕੱਟ ਲਗਾਉਣੇ ਪੈਂਦੇ ਹਨ। ਉਨ੍ਹਾਂ ਕਰਮਚਾਰੀ ਬਾਰੇ ਬੋਲਦਿਆਂ ਕਿਹਾ ਕਿ ਉਸ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਨੌਜਵਾਨ ਟੈਂਕੀ ’ਤੇ ਚੜ੍ਹੇ ਹੋਏ ਸਨ ਅਤੇ ਧਰਨਾ ਜਾਰੀ ਸੀ।