ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਸੂਬਾਈ ਪ੍ਰਧਾਨ ਅਤੇ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਅਕਾਲੀ-ਭਾਜਪਾ ਗੱਠਜੋੜ ਹਕੂਮਤ ਵੇਲੇ ਜਾਂਚ ਕਰਨ ਵਾਲੇ ਪਹਿਲੇ ਇੱਕ ਮੈਂਬਰੀ ਕਮਿਸ਼ਨ ਦੇ ਚੇਅਰਮੈਨ ਜਸਟਿਸ (ਰਿਟਾ.) ਜ਼ੋਰਾ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬਾਦਲਾਂ ਵਾਂਗ ਕੈਪਟਨ ਸਰਕਾਰ ਵੀ ਮੁਲਜ਼ਮਾਂ ਨੂੰ ਬਚਾਅ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਪੋਰਟ ਵਿੱਚ ਜਿਹੜੇ ਤੱਥ ਸਾਹਮਣੇ ਆਏ ਸਨ, ਉਸ ਦੇ ਆਧਾਰ ’ਤੇ ਬੇਅਦਬੀ ਅਤੇ ਗੋਲੀ ਕਾਂਡ ਦੇ ਅਸਲ ਮੁਲਜ਼ਮ ਜੇਲ੍ਹ ’ਚ ਹੋਣੇ ਸਨ ਅਤੇ ਉਨ੍ਹਾਂ ਸਜ਼ਾ ਮਿਲਦੀ। ਉਨ੍ਹਾਂ ਕਿਹਾ ਕਿ ਬੇਹੱਦ ਚੁਣੌਤੀ ਭਰੇ ਮਾਹੌਲ ਵਿੱਚ 6 ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਨਿਰਪੱਖਤਾ ਨਾਲ ਕੀਤੀ ਜਾਂਚ ਦੀ ਰਿਪੋਰਟ ਸੌਂਪਣ ਸਮੇਂ ਉਨ੍ਹਾਂ ਨੂੰ ਜ਼ਲੀਲ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਨੂੰ ਬਾਦਲ ਜਾਂ ਕੈਪਟਨ ਸਰਕਾਰ ਨੇ ਨਾ ਹੀ ਜਨਤਕ ਕੀਤਾ ਅਤੇ ਨਾ ਹੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਗਠਿਤ ਮੌਜੂਦਾ ਵਿਸ਼ੇਸ਼ ਜਾਂਚ ਟੀਮ ‘ਸਿਟ’ ਵੀ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਹੈ, ਵਿਸੇਸ਼ ਜਾਂਚ ਟੀਮ ਪਹਿਲਾਂ ਸਰਕਾਰ ਨੂੰ ਰਿਪੋਰਟ ਦੇਵੇਗੀ ਅਤੇ ਫਿਰ ਅਦਾਲਤ ਵਿੱਚ ਜਾਵੇਗੀ।
ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਤੱਥ ਆਧਾਰਤ ਰਿਪੋਰਟ ਉੱਤੇ ਜਾਂਚ ਏਜੰਸੀ ਅਤੇ ਪੁਲੀਸ ਜਾਣ-ਬੁੱਝ ਕੇ ਮਾਮਲੇ ਦੀ ਤੈਅ ਤੱਕ ਜਾਣਾ ਹੀ ਨਹੀਂ ਸੀ ਚਾਹੁੰਦੀ। ਉਨ੍ਹਾਂ ਕਿਹਾ ਕਿ ਸਾਲ 2017 ’ਚ ਵਿਧਾਨ ਸਭਾ ਚੋਣਾਂ ਮੌਕੇ ਬੇਅਦਬੀ ਅਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਸਹੁੰ ਚੁੱਕੀ ਪਰ ਜਿਸ ਤਰ੍ਹਾਂ ਉਨ੍ਹਾਂ ਆਪਣੇ ਫ਼ਰਜ਼ ਅਤੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਹੈ, ਇਸ ਲਈ ਉਹ ਲੋਕਾਂ ਤੋਂ ਜਨਤਕ ਮੁਆਫ਼ੀ ਮੰਗਣ। ਇਸ ਮੌਕੇ ਪਾਰਟੀ ਦੇ ਕਾਨੂੰਨੀ ਸੈੱਲ ਸੂਬਾਈ ਉਪ ਪ੍ਰਧਾਨ ਨਸੀਬ ਬਾਵਾ ਅਤੇ ‘ਆਪ’ ਕਾਨੂੰਨੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਰਿੰਦਰ ਪਾਲ ਸਿੰਘ ਰੱਤੀਆਂ ਵੀ ਮੌਜੂਦ ਸਨ।
ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਨਿਹਾਲ ਸਿੰਘ ਵਾਲਾ ਉਨ੍ਹਾਂ ਦਾ ਆਪਣਾ ਹਲਕਾ ਹੈ ਅਤੇ ਜੇਕਰ ਪਾਰਟੀ ਇਸ ਹਲਕੇ ਤੋਂ ਮੌਕਾ ਦੇਵੇਗੀ ਤਾਂ ਉਹ ਹਲਕੇ ਦੀ ਸੇਵਾ ਕਰਨਗੇ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿੱਚ ਮਿਸ਼ਨ 2022 ਲਈ ਬਿਜਲੀ ਮੁਆਫ਼ੀ ਤੇ ਹੋਰ ਐਲਾਨਾਂ ਉੱਤੇ ਕਿਹਾ ਕਿ ਰਾਜ ’ਚੋਂ ਮਾਫ਼ੀਆ ਗਰੋਹਾਂ ਦੇ ਖ਼ਾਤਮੇ ਲਈ ‘ਆਪ’ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ।
ਨਕੋਦਰ ਬੇਅਦਬੀ ਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਗੁਰੂਘਰ ’ਚ ਲੱਗੀਆਂ
ਜਲੰਧਰ (ਪਾਲ ਸਿੰਘ ਨੌਲੀ): ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਚ ਸਥਿਤ ਗੁਰੂ ਨਾਨਕ ਗੁਰਦੁਆਰੇ ਦੀ ਗੈਲਰੀ ਵਿਚ ਨਕੋਦਰ ਬੇਅਦਬੀ ਕਾਂਡ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀਆਂ ਤਸਵਰਾਂ ਲਾਈਆਂ ਗਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਨਕੋਦਰ ਕਾਂਡ ਵਿਚ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਮਲਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਸ਼ਹੀਦ ਹੋ ਗਏ ਸਨ। ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਟੇਜ ਸਕੱਤਰ ਸੂਬਾ ਸਿੰਘ ਨੇ ਗੁਰੂਘਰ ਦੀ ਗੈਲਰੀ ਵਿਚ ਲੱਗੀਆਂ ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਇਆ। ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ ਉਹ ਪਿਛਲੇ 34 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਲਈ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਦੋਵੇਂ ਭਾਗ ਵਿਧਾਨ ਸਭਾ ਵਿਚ ਪੇਸ਼ ਕਰਕੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ।