ਜਸਵੰਤ ਜੱਸ
ਫਰੀਦਕੋਟ, 30 ਜੂਨ
ਪਿੰਡ ਸਾਧਾਂਵਾਲਾ ਦੇ ਨੌਜਵਾਨ ਖਿਲਾਫ਼ ਕਥਿਤ ਤੌਰ ‘ਤੇ ਨਸ਼ਾ ਤਸਕਰੀ ਦਾ ਝੂਠਾ ਮਾਮਲਾ ਦਰਜ ਕਰਨ ਦੇ ਦੋਸ਼ ਲਾਉਂਦਿਆਂ ਇਲਾਕੇ ਦੇ ਲੋਕਾਂ ਨੇ ਅੱਜ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਝੂਠਾ ਪਰਚਾ ਦਰਜ ਕਰਨ ਵਾਲੇ ਪੁਲੀਸ ਅਧਿਕਾਰੀ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਨੌਜਵਾਨ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਇਆ ਜਾਵੇ। ਪਿੰਡ ਗੋਲੇਵਾਲਾ ਦੇ ਨੌਜਵਾਨ ਜੱਜ ਸਿੰਘ ਖਿਲਾਫ਼ ਪੁਲੀਸ ਚੌਕੀ ਗੋਲੇਵਾਲਾ ਨੇ 1100 ਨਸ਼ੀਲੀਆਂ ਗੋਲੀਆਂ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਸੀ। ਨੌਜਵਾਨ ਖਿਲਾਫ਼ ਪਰਚਾ ਦਰਜ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਪਿਤਾ ਰੇਸ਼ਮ ਸਿੰਘ ਦੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਜੱਜ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਥਾਣੇ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਜਿੰਨਾ ਚਿਰ ਗ੍ਰਿਫ਼ਤਾਰ ਨੌਜਵਾਨ ਜੱਜ ਸਿੰਘ ਦੀ ਰਿਹਾਈ ਨਹੀਂ ਹੁੰਦੀ, ਓਨਾ ਚਿਰ ਉਸ ਦੇ ਪਿਤਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪੁਲੀਸ ਨੇ ਇਸ ਮੌਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ ਪਰ 10 ਦਿਨ ਬੀਤਣ ਦੇ ਬਾਵਜੂਦ ਵੀ ਪੁਲੀਸ ਦੀ ਪੜਤਾਲ ਮੁਕੰਮਲ ਨਹੀਂ ਹੋਈ। ਜਿਸ ਤੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਜਿਲ੍ਹਾ ਪੁਲੀਸ ਮੁਖੀ ਦਫਤਰ ਮੂਹਰੇ ਧਰਨਾ ਲਾਇਆ। ਗੁਰਦਿੱਤ ਸਿੰਘ ਸੇਖੋਂ, ਸੁਰਿੰਦਰ ਸਿੰਘ ਸਾਧਾਂਵਾਲਾ, ਹਰਬਰਿੰਦਰ ਸਿੰਘ ਹੈਪੀ ਬਰਾੜ ਅਤੇ ਜਗਮੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਪੁਲੀਸ ਮੁਖੀ ਨੇ ਪੜਤਾਲ ਲਈ ਦਸ ਦਿਨ ਦਾ ਸਮਾਂ ਹੋਰ ਮੰਗਿਆ ਹੈ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਿੰਨਾ ਚਿਰ ਫੜੇ ਗਏ ਨੌਜਵਾਨ ਦੀ ਰਿਹਾਈ ਨਹੀਂ ਹੁੰਦੀ, ਓਨਾ ਚਿਰ ਮ੍ਰਿਤਕ ਰੇਸ਼ਮ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।