ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 1 ਜੁਲਾਈ
ਇੱਥੇ ਅੱਜ ਕਿਸਾਨਾਂ ਨੇ ਮਾੜੀ ਬਿਜਲੀ ਸਪਲਾਈ ਖ਼ਿਲਾਫ਼ ਬਿਜਲੀ ਬੋਰਡ ਦੇ ਡਰੋਲੀ ਦਫ਼ਤਰ ਦਾ ਘਿਰਾਓ ਕੀਤਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ ਦੇ ਸਬ ਡਵੀਜਨ ਆਦਮਪੁਰ ਦੇ ਦਫਤਰ ਅਧੀਨ ਪੈਂਦੇ ਪਿੰਡ ਚੋਮੋ, ਕੰਦੋਲਾ, ਡੰਮੁਡਾ, ਖੁਰਦਪੁਰ, ਪੰਡੋਰੀ ਨਿੱਝਰਾਂ, ਕਢਿਆਣਾ ਤੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੋਂ ਇਲਾਕੇ ਦੇ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਹੀ ਬਿਜਲੀ 8 ਘੰਟੇ ਦੇਣ ਦੀ ਬਜਾਏ ਵਿਭਾਗ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਖਰਾਬ ਹੁੰਦੇ ਦੇਖ ਉਨ੍ਹਾਂ ਵੱਲੋਂ ਵਿਭਾਗ ਦੇ ਅਫਸਰਾਂ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਉਨ੍ਹਾਂ ਨੂੰ ਵਿਭਾਗ ਦੇ ਡਰੋਲੀ ਕਲਾਂ ਸਥਿਤ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਐੱਸਡੀਓ ਪਰਮਿੰਦਰ ਸਿੰਘ ਨੇ ਕਿਹਾ ਕਿ ਦੋ ਫੀਡਰ ਨਾ ਚੱਲਣ ਕਾਰਨ ਇਸ ਤਰ੍ਹਾਂ ਦੀ ਮੁਸ਼ਕਲ ਪੇਸ਼ ਆ ਰਹੀ ਹੈ। ਫਿਰ ਵੀ ਅੱਜ ਤੋਂ ਘਰਾਂ ਦੀ ਬਿਜਲੀ ਵਿਚ ਕਿਸੇ ਤਰ੍ਹਾਂ ਦਾ ਕੱਟ ਨਹੀਂ ਲਗਾਇਆ ਜਾਵੇਗਾ ਤੇ ਦੋ ਦਿਨਾਂ ਤੱਕ ਖੇਤਾਂ ਦੀ ਵੀ ਨਿਰਵਿਘਨ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਪਠਾਨਕੋਟ (ਐੱਨਪੀ ਧਵਨ): ਬਿਜਲੀ ਦੇ ਵਾਰ-ਵਾਰ ਲੱਗ ਰਹੇ ਅਣ ਐਲਾਨੇ ਕੱਟਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਇਥੇ ਢਾਂਗੂ ਰੋਡ ਤੇ ਸਥਿਤ ਪਾਵਰਕੌਮ ਦੇ ਦਫਤਰ ਦਾ ਘਿਰਾਓ ਕੀਤਾ ਅਤੇ ਕੈਪਟਨ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਕੱਟਾਂ ਉਪਰ ਕੋਈ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਬਿਜਲੀ ਘਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਭਾਜਪਾ ਨੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਵਿੱਚ ਸੁਜਾਨਪੁਰ ਬਿਜਲੀ ਘਰ ਮੂਹਰੇ ਵੀ ਧਰਨਾ ਦਿੱਤਾ।
ਗੜ੍ਹਸ਼ੰਕਰ (ਜੇਬੀ ਸੇਖੋਂ): ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਵਿਰੋਧ ਵਿੱਚ ਅੱਜ ਸੀਪੀਐੱਮ ਦੇ ਜ਼ਿਲ੍ਹਾ ਸਕੱਤਰੇਤ ਕਾਮਰੇਡ ਦਰਸ਼ਨ ਸਿੰਘ ਮੱਟੂ, ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਅਤੇ ਜਨਵਾਦੀ ਇਸਤਰੀ ਸਭਾ ਦੇ ਮੀਤ ਪ੍ਰਧਾਨ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਵੱਲੋਂ ਪਾਵਰਕੌਮ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਮੌਕੇ ਪਾਵਰਕੌਮ ਦੇ ਐਕਸੀਅਨ ਨਿਤਿਨ ਜਸਵਾਲ ਮੌਕੇ ’ਤੇ ਪੁੱਜੇ ਅਤੇ ਆਉਣ ਵਾਲੇ ਸਮੇਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਰ): ਇੱਥੇ ਅੱਜ ਸੀਪੀਐਮ ਵੱਲੋਂ ਐਕਸੀਅਨ ਦਫਤਰ ਮਾਹਿਲਪੁਰ ਅੱਗੇ ਬਿਜਲੀ ਦੀ ਮਾੜੀ ਹਾਲਤ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਕੁਮਾਰ ਬੱਡੋਆਣ ਨੇ ਸਮਾਂ ਬਹਾਅ ਚੁੱਕੀਆਂ ਤਾਰਾਂ ਤੁਰੰਤ ਬਦਲਣ ਦੀ ਮੰਗ ਕੀਤੀ ਤੇ ਕੱਟ ਲਗਾਉਣੇ ਬੰਦ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮਹਿੰਦਰ ਕੁਮਾਰ ਬੱਡੋਆਣ, ਨੀਲਮ ਬੱਡੋਆਣ, ਕਮਲਜੀਤ ਕੌਰ, ਵਿਜੇ ਸਰਪੰਚ, ਗੁਰਨਾਮ ਸਿੰਘ ਪੰਚ ਨੇ ਸਬੋਧਨ ਕੀਤਾ ।
ਕਿਸਾਨਾਂ ਨੇ ਬਿਜਲੀ ਸਬੰਧੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਮੂਹ ਸੰਯੁਕਤ ਕਿਸਾਨ ਮੋਰਚਾ (ਭਾਰਤ)ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਅੱਜ ਚੀਫ ਬਿਜਲੀ ਬੋਰਡ ਨੂੰ ਮਿਲ ਕੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਛੇਤੀ ਤੋਂ ਛੇਤੀ ਦਖਲ ਦੇ ਕੇ ਹੱਲ ਕਰਨ ਦੀ ਮੰਗ ਕੀਤੀ ਗਈ । ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਾਸਤੇ ਲਗਾਤਾਰ 10 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਮੀਂਹ ਨਾ ਪੈਣ ਦੀ ਸੂਰਤ ਵਿੱਚ ਨੈਸ਼ਨਲ ਗਰਿੱਡ ਪਾਸੇ ਬਿਜਲੀ ਲੈਣ ਦਾ ਪ੍ਰਬੰਧ ਕੀਤਾ ਜਾਵੇ, ਲੱਗੇ ਹੋਏ ਟਰਾਂਸਫਾਰਮਰ ’ਤੇ ਜੀਓ ਸਵਿੱਚ ਲਗਾਏ ਜਾਣ, ਗਲੀਆਂ ਹੋਈਆਂ ਤਾਰਾ ਪੋਲ ਟਰਾਂਸਫਾਰਮਰ ਬਦਲੇ ਜਾਣ, ਐਸਸੀ ਲੋਕਾਂ ਦੇ ਘਰਾਂ ਦੇ ਕੱਟੇ ਗਏ ਜੀਓ ਕਨੈਕਸ਼ਨ ਬਹਾਲ ਕੀਤੇ ਜਾਣ, ਬਿਜਲੀ ਵਿਭਾਗ ਵਿੱਚ ਫੈਲਿਆ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇ। ਵਫਦ ਵਿਚ ਸੰਯੁਕਤ ਕਿਸਾਨ ਮੋਰਚਾ, ਜਮਹੂਰੀ ਕਿਸਾਨ ਸਭਾ ਰਤਨ ਸਿੰਘ ਰੰਧਾਵਾ, ਕਿਰਤੀ ਕਿਸਾਨ ਸਭਾ ਪੰਜਾਬ ਧੰਨਵੰਤ ਸਿੰਘ ਖਤਰਾਏਂ ਕਲਾਂ, ਕੁਲ ਹਿੰਦ ਕਿਸਾਨ ਸਭਾ ਪੰਜਾਬ ਬਲਕਾਰ ਸਿੰਘ ਦੁਧਾਲਾ ਕਿਰਤੀ ਕਿਸਾਨ ਸਭਾ ਪ੍ਰਕਾਸ਼ ਸਿੰਘ ਥੋਥੀਆਂ ਮੁਖਤਾਰ ਸਿੰਘ ਮੱਲਾ ਸ਼ਾਮਲ ਸਨ।