ਮਹਾਂਵੀਰ ਮਿੱਤਲ
ਜੀਂਦ, 1 ਜੁਲਾਈ
ਇੱਥੋਂ ਦੀ ਭਿਵਾਨੀ ਰੋਡ ਉੱਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਤੋਂ ਖ਼ਫ਼ਾ ਇੱਥੋਂ ਦੇ ਲੋਕਾਂ ਅਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਸੜਕ ’ਤੇ ਜਾਮ ਲਾ ਕੇ ਪ੍ਰਸ਼ਾਸਨ ਨੂੰ ਕੋਸਿਆ।
ਇੱਥੇ ਲਗਪਗ ਇੱਕ ਸਾਲ ਤੋਂ ਸੀਵਰੇਜ ਦਾ ਗੰਦਾ ਪਾਣੀ ਭਰ ਜਾਂਦਾ ਹੈ ਜੋ ਕਈ-ਕਈ ਦਿਨ ਜਮ੍ਹਾਂ ਰਹਿੰਦਾ ਹੈ। ਇਹ ਗੰਦਾ ਪਾਣੀ ਓਵਰਫਲੋਅ ਹੋ ਜਾਂਦਾ ਹੈ, ਜਿਸ ਕਾਰਨ ਨੇੜਲੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਲੰਘਣਾ ਮੁਹਾਲ ਹੋ ਜਾਂਦਾ ਹੈ। ਇਸ ਸਮੱਸਿਆ ਸਬੰਧੀ ਲੋਕ ਕਈ ਵਾਰ ਸਿਹਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰ ਚੁੱਕੇ ਹਨ ਅਤੇ ਡੀਸੀ ਵੀ ਕਈ ਵਾਰ ਸਿਹਤ ਵਿਭਾਗ ਨੂੰ ਇਸ ਸੱਮਸਿਆ ਨੂੰ ਨਿਪਟਾਉਣ ਲਈ ਆਦੇਸ਼ ਕਰ ਚੁੱਕੇ ਹਨ ਪਰ ਸੱਮਸਿਆ ਜਿਉਂ ਦੀ ਤਿਉਂ ਖੜ੍ਹੀ ਹੈ।
ਭਿਵਾਨੀ ਰੋਡ ਵਾਸੀ ਸੂਰਜ ਦੇਵ, ਅਨੀਤਾ ਜੈਨ, ਸਤੀਸ਼, ਸੁਰੇਸ਼, ਰਮੇਸ਼, ਰਾਮ ਕੁਮਾਰ, ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਭਿਵਾਨੀ ਰੋਡ ਅਤੇ ਇਸ ਦੇ ਨਾਲ ਲੱਗਦੀਆਂ ਕਲੋਨੀਆਂ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੇ ਰਹਿਣਾ ਦੁੱਭਰ ਕਰ ਦਿੱਤਾ ਹੈ। ਕਲੋਨੀਆਂ ਦੇ ਵਾਸੀਆਂ ਨੇ ਕਿਹਾ ਕਿ ਸਮੱਸਿਆ ਹੱਲ ਨਾ ਹੋਣ ’ਤੇ ਉਨ੍ਹਾਂ ਨੂੰ ਜਾਮ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਉੁਨ੍ਹਾਂ ਨੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਿਵਾਨੀ ਰੋਡ ਦੀ ਸਮੱਸਿਆ ਦਾ ਜਲਦੀ ਨਿਪਟਾਰਾ ਕਰਵਾਇਆ ਜਾਵੇ।