ਮਨਧੀਰ ਸਿੰਘ ਦਿਓਲ/ਜਗਤਾਰ ਸਿੰਘ ਲਾਂਬਾ
ਨਵੀਂ ਦਿੱਲੀ/ਅੰਮ੍ਰਿਤਸਰ, 1 ਜੁਲਾਈ
ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਸਥਿਤ ਲਾਲ ਕਿਲੇ ਵਿੱਚ ਕੇਸਰੀ ਝੰਡਾ ਲਹਿਰਾਉਣ ਵਾਲੇ ਸਿੱਖ ਨੌਜਵਾਨ ਜੁਗਰਾਜ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਵੱਲੋਂ ਆਰਜ਼ੀ ਤੌਰ ’ਤੇ ਅਗਾਊਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਮਗਰੋਂ ਸਾਹਮਣੇ ਆਏ ਜੁਗਰਾਜ ਸਿੰਘ ਨੇ ਅੱਜ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਹੈ, ਜਿਥੇ ਉਸ ਨੂੰ ਸ਼੍ਰੋਮਣੀ ਕਮੇਟੀ ਅਤੇ ਦਲ ਖਾਲਸਾ ਜਥੇਬੰਦੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ 7 ਮਈ ਨੂੰ ਦਿੱਲੀ ਦੀ ਵਧੀਕ ਸੈਸ਼ਨ ਜੱਜ ਨੀਲੋਫਰ ਪ੍ਰਵੀਨ ਦੀ ਅਦਾਲਤ ਵਿੱਚ ਅਰਜ਼ੀ ਲਾਈ ਸੀ। ਉਨ੍ਹਾਂ ਆਖਿਆ ਕਿ ਲੰਮਾ ਸਮਾਂ ਸੁਣਵਾਈ ਮਗਰੋਂ ਅੱਜ ਅਦਾਲਤ ਵੱਲੋਂ ਉਸ ਦੀ ਆਰਜ਼ੀ ਅਗਾਊਂ ਜ਼ਮਾਨਤ 20 ਜੁਲਾਈ ਤੱਕ ਪ੍ਰਵਾਨ ਕੀਤੀ ਹੈ। ਇਹ ਜ਼ਮਾਨਤ ਉਸ ਨੂੰ ਦਿੱਲੀ ਪੁਲੀਸ ਵੱਲੋਂ ਦਰਜ ਦੋ ਐੱਫਆਈਆਰ 96 ਅਤੇ 98 ਵਿੱਚ ਮਿਲੀ ਹੈ। ਉਸ ਨੂੰ ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਉਹ ਦਿੱਲੀ ਪੁਲੀਸ ਦੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਸ਼ਾਮਲ ਹੋਵੇ ਅਤੇ ਇਸ ਸਬੰਧੀ 8, 11 ਅਤੇ 15 ਜੁਲਾਈ ਨੂੰ ਪੇਸ਼ ਹੋਵੇ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਇਹ ਜ਼ਮਾਨਤ ਅਰਜ਼ੀ ਸਿੱਖ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਪਰਮਜੀਤ ਸਿੰਘ ਰਾਹੀਂ ਦਾਇਰ ਕੀਤੀ ਗਈ ਸੀ।
ਜ਼ਮਾਨਤ ਮਿਲਣ ਮਗਰੋਂ ਸ਼ੁਕਰਾਨੇ ਵਜੋਂ ਮੱਥਾ ਟੇਕਣ ਆਏ ਜੁਗਰਾਜ ਸਿੰਘ ਨੇ ਖੁਲਾਸਾ ਕੀਤਾ ਕਿ ਲਾਲ ਕਿਲੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਕੋਈ ਪ੍ਰੋਗਰਾਮ ਨਿਰਧਾਰਤ ਨਹੀਂ ਸੀ ਅਤੇ ਨਾ ਹੀ ਉਸ ਨੇ ਕਦੇ ਅਜਿਹਾ ਕਰਨ ਬਾਰੇ ਸੋਚਿਆ ਸੀ।