ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 1 ਜੁਲਾਈ
ਜ਼ਿਲ੍ਹਾ ਪਰਿਸ਼ਦ ਫਰੀਦਕੋਟ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਪਰਿਸ਼ਦ ਦੇ ਚੇਅਰਪਰਸਨ ਕਿਰਨਦੀਪ ਕੌਰ ਨੇ ਪਿੰਡਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪ੍ਰੀਤ ਮਹਿੰਦਰ ਸਿੰਘ ਸਹੋਤਾ ਅਤੇ ਉਪ ਮੁੱਖ ਕਾਰਜਕਾਰੀ ਅਫ਼ਸਰ ਰਸਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਚੇਅਰਪਰਸਨ ਨੇ ਜਲ ਸਪਲਾਈ ਤੇ ਸੈਨੇਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਪੀਣ ਵਾਲੇ ਪਾਣੀ ਦੀ ਸਪਲਾਈ, ਗੰਦੇ ਪਾਣੀ ਦੀ ਨਿਕਾਸੀ ਸਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਚੇਅਰਪਰਸਨ ਨੇ ਹਾਜ਼ਰ ਮੈਂਬਰਾਂ ਨੂੰ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚ ਚੱਲ ਰਹੇ ਜਾਂ ਹੋਣ ਵਾਲੇ ਵਿਕਾਸ ਕੰਮਾਂ ਸਬੰਧੀ ਸੁਝਾਅ ਅਗਲੀ ਮੀਟਿੰਗ ਤੱਕ ਦੇਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਾਰੇ ਅਨਟਾਇਡ ਫੰਡ ਵੱਖ-ਵੱਖ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣ।
ਚੇਅਰਮੈਨ ਵੱਲੋਂ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਵੱਲੋਂ ਅੱਜ ਪਲਾਨ ਸਕੀਮਾਂ ਨਾਲ ਸਬੰਧਤ 7 ਵਿਭਾਗਾਂ ਦੀਆਂ ਵੱਖ-ਵੱਖ ਸਕੀਮਾਂ ਤਹਿਤ ਸਰਕਾਰ ਵੱਲੋਂ ਪ੍ਰਾਪਤ ਫੰਡਾਂ ਨਾਲ ਕਰਵਾਏ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਉਨ੍ਹਾਂ ਵਿਭਾਗਾਂ ਨੂੰ ਆਪਣੀਆਂ ਸਕੀਮਾਂ ਤਹਿਤ ਰਾਸ਼ੀ ਨੂੰ ਸਰਕਾਰ ਦੇ ਵਿੱਤੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ਰਚ ਕਰਕੇ ਇਨ੍ਹਾਂ ਪ੍ਰਾਜੈਕਟਾਂ ਨੂੰ ਤੁਰੰਤ ਮੁਕੰਮਲ ਕਰਵਾਉਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੋ ਪ੍ਰਾਜੈਕਟ ਅੱਜ ਤੱਕ ਸ਼ੁਰੂ ਨਹੀਂ ਹੋਏ, ਉਨ੍ਹਾਂ ਸਬੰਧੀ ਬਣਦੀ ਕਾਰਵਾਈ ਕਰਨ ਉਪਰੰਤ ਇਨ੍ਹਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ, ਸਿਵਲ ਸਰਜਨ ਡਾ.ਸੁਖਵਿੰਦਰ ਸਿੰਘ, ਐਕਸੀਅਨ ਸੁਧੀਰ ਸ਼ਰਮਾ ਹਾਜ਼ਰ ਸਨ।