ਪਾਲ ਸਿੰਘ ਨੌਲੀ
ਜਲੰਧਰ, 1 ਜੁਲਾਈ
ਇੱਥੋਂ ਦੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਮਹਿਲਾ ਮਰੀਜ਼ ਦੀ ਮੌਤ ਹੋ ਜਾਣ ’ਤੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਸਥਿਤੀ ਨੂੰ ਸੰਭਾਲਣ ਲਈ ਪੁਲੀਸ ਨੂੰ ਦਖਲਅੰਦਾਜ਼ੀ ਕਰਨੀ ਪਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ਡਾਕਟਰ ਦੇ ਪੁੱਤਰ ਅਤੇ ਉਥੇ ਤਾਇਨਾਤ ਬਾਊਂਸਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਸੜਕ ’ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਵੀ ਕੀਤਾ। ਜ਼।
ਪੀੜਤ ਪਰਿਵਾਰ ਦੀ ਮੈਂਬਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੱਥੂਪੁਰ ਤੋਂ ਉਨ੍ਹਾਂ ਦੀ ਚਾਚੀ ਜਸਵਿੰਦਰ ਕੌਰ (42), 30 ਜੂਨ ਨੂੰ ਮੈਡੀਕਲ ਚੈਕਅੱਪ ਕਰਵਾਉਣ ਲਈ ਆਈ ਸੀ। ਉਹ ਅਮਰੀਕਾ ਜਾਣ ਦੀ ਤਿਆਰੀ ਕਰ ਰਹੀ ਸੀ ਤੇ ਵਿਦੇਸ਼ ਜਾਣ ਤੋਂ ਪਹਿਲਾਂ ਉਹ ਮੈਡੀਕਲ ਜਾਂਚ ਕਰਵਾਉਣਾ ਚਾਹੁੰਦੀ ਸੀ। ਡਾਕਟਰਾਂ ਨੇ ਕਿਹਾ ਕਿ ਜਸਵਿੰਦਰ ਦੀ ਐਂਜੀਓਗ੍ਰਾਫੀ ਕਰਨੀ ਪੈਣੀ ਹੈ। ਇਸ ਤੋਂ ਬਾਅਦ ਡਾਕਟਰਾਂ ਦੇ ਉਸ ਦੇ ਗਲੇ ਵਿੱਚ ਆਕਸੀਜਨ ਦਾ ਪਾਈਪ ਪਾ ਦਿੱਤਾ ਤੇ ਉਸ ਦੀ ਅਚਾਨਕ ਸਿਹਤ ਵਿਗੜਨ ਬਾਰੇ ਦੱਸਿਆ। ਅੱਜ ਦੁਪਹਿਰ 12 ਕੁ ਵਜੇ ਜਸਵਿੰਦਰ ਕੌਰ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਪੀੜਤ ਪਰਿਵਾਰ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਵਾਲੇ ਕਹਿ ਰਹੇ ਸਨ ਕਿ ਜਸਵਿੰਦਰ ਕੌਰ ਪੈਦਲ ਚੱਲ ਕੇ ਆਈ ਸੀ ਤੇ ਉਸ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਜਸਵਿੰਦਰ ਨੂੰ ਦਾਖਲ ਕਰ ਲਿਆ ਗਿਆ।
ਜਾਂਚ ਲਈ ਡਾਕਟਰਾਂ ਦਾ ਬੋਰਡ ਬਣਾਇਆ ਜਾਵੇਗਾ: ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਵਿਜੇ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਡਾਕਟਰਾਂ ਦਾ ਬੋਰਡ ਬਣਾਇਆ ਜਾਵੇਗਾ। ਏਸੀਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਬਾਊਂਸਰਾਂ ਵੱਲੋਂ ਹਮਲਾ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦੀ ਪੜਤਾਲ ਹੋਵੇਗੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਖੰਗਾਲਿਆ ਜਾਵੇਗਾ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਇਹ ਕਹਿ ਕੇ ਹਸਪਤਾਲ ਵਿਚੋਂ ਲਾਸ਼ ਨਹੀਂ ਚੁੱਕੀ ਕਿ ਜਦੋਂ ਤੱਕ ਡਾਕਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਲੈ ਕੇ ਨਹੀਂ ਜਾਣਗੇ। ਹਸਪਤਾਲ ਦਾ ਪੱਖ ਦੱਸਣ ਲਈ ਕੋਈ ਡਾਕਟਰ ਵੀ ਸਾਹਮਣੇ ਨਹੀਂ ਆਇਆ।