ਸਾਲੇਮ (ਅਮਰੀਕਾ), 2 ਜੁਲਾਈ
ਅਮਰੀਕਾ ਤੇ ਕੈਨੇਡਾ ’ਚ ਗਰਮੀ ਵਧਣ ਕਾਰਨ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਢੁੱਕਵੀਆਂ ਸਹੂਲਤਾਂ ਨਾ ਮਿਲਣ ਕਾਰਨ ਹੋਈਆਂ ਹਨ। ਗਰਮੀ ਕਾਰਨ ਮਰੇ ਬਹੁਤੇ ਲੋਕ ਆਪਣੇ ਘਰਾਂ ’ਚ ਇਕੱਲੇ ਸਨ, ਜਿਨ੍ਹਾਂ ਕੋਲ ਕੋਈ ਏਸੀ ਜਾਂ ਪੱਖੇ ਦੀ ਸਹੁੂਲਤ ਵੀ ਨਹੀਂ ਸੀ। ਮ੍ਰਿਤਕਾਂ ਵਿੱਚ ਕੁਝ ਬਜ਼ੁਰਗ ਸਨ, ਜਿਨ੍ਹਾਂ ਵਿਚੋਂ ਇੱਕ ਦੀ ਉਮਰ 97 ਸਾਲ ਸੀ। ਓਰੇਗਨ ਦੀ ਇੱਕ ਨਰਸਰੀ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ’ਚ ਪਹਾੜਾਂ ’ਤੇ ਲੱਗੀ ਅੱਗ ਨੇ ਵੀ ਵਖ਼ਤ ਪਾਇਆ ਹੋਇਆ ਹੈ। ਇਸ ਨਾਲ ਗਰਮੀ ’ਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪਿਛਲੇ ਹਫ਼ਤੇ ਉੱਤਰ-ਪੱਛਮੀ ਅਤੇ ਪੱਛਮੀ ਕੈਨੇਡਾ ’ਚ ਰਿਕਾਰਡ ਤੋੜ ਗਰਮੀ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਬੇਘਰੇ ਲੋਕਾਂ ਨੂੰ ਗਰਮੀ ਤੋਂ ਰਾਹਤ ਲਈ ਕਈ ਕਦਮ ਚੁੱਕੇ ਗਏ ਸਨ। ਇਸ ਦੇ ਬਾਵਜੂਦ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਸੈਂਕੜੇ ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ। ਵੀਰਵਾਰ ਨੂੰ ਕੈਨੇਡਾ ਦੇ ਉੱਤਰ-ਪੱਛਮੀ ਅਤੇ ਪੱਛਮੀ ਇਲਾਕਿਆਂ ’ਚ ਬਹੁਤ ਜ਼ਿਆਦਾ ਗਰਮੀ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਸੀ।
ਓਰੇਗਨ (ਅਮਰੀਕਾ) ਦੇ ਸੂਬਾ ਮੈਡੀਕਲ ਨਿਰੀਖਕ ਨੇ ਵੀਰਵਾਰ ਨੂੰ ਦੱਸਿਆ ਕਿ ਇਕੱਲੇ ਓਰੇਗਨ ’ਚ ਮ੍ਰਿਤਕਾਂ ਦਾ ਅੰਕੜਾ 79 ਹੋ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਪੋਰਟਲੈਂਡ ਅਧੀਨ ਪੈਂਦੇ ਮਲਟੋਨਮਾਹ ਕਾਊਂਟੀ ਵਿੱਚ ਹੋਈਆਂ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਚੀਫ਼ ਲੀਜ਼ਾ ਲੈਪੋਇੰਟੇ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਸ਼ੁੱਕਰਵਾਰ ਤੋਂ ਬੁੱਧਵਾਰ ਦੁਪਹਿਰ ਤੱਕ ਘੱਟੋ-ਘੱਟ 479 ਮੌਤਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਸੂਬੇ ਵਿੱਚ ਪਿਛਲੇ ਪੰਜ ਦਿਨਾਂ ਦੇ ਸਮੇਂ ਦੌਰਾਨ ਲੱਗਪਗ 169 ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਮੁਤਾਬਕ ਗਰਮੀ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਦੱਸਣਾ ਜਲਦਬਾਜ਼ੀ ਹੋਵੇਗੀ ਪਰ ਬਹੁਤੀਆਂ ਮੌਤਾਂ ਗਰਮੀ ਕਾਰਨ ਹੋਈਆਂ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਵਾਸ਼ਿੰਗਟਨ ਸੂਬਾ ਅਥਾਰਟੀ ਨੇ ਗਰਮੀ ਕਾਰਨ 20 ਮੌਤਾਂ ਹੋਣ ਦੀ ਗੱਲ ਆਖੀ ਹੈ ਪਰ ਨਾਲ ਹੀ ਕਿਹਾ ਇਹ ਅੰਕੜਾ ਵੱਧ ਹੋਣ ਦੀ ਸੰਭਾਵਨਾ ਹੈ। -ਏਪੀ