ਪੱਤਰ ਪ੍ਰੇਰਕ
ਯਮੁਨਾਨਗਰ, 2 ਜੁਲਾਈ
ਇੱਥੋਂ ਦੇ ਜਗਾਧਰੀ ਸਥਿਤ ਇੱਕ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੀ 8 ਸਾਲਾ ਕੁੜੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਇਕ ਔਰਤ ਨੇ ਜਗਾਧਰੀ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਭੱਠੇ ’ਤੇ ਕੰਮ ਕਰਦੀ ਹੈ ਅਤੇ ਉਹ ਭੱਠੇ ਦੇ ਨਜ਼ਦੀਕ ਹੀ ਰਹਿੰਦੇ ਹਨ। ਦੇਰ ਸ਼ਾਮ ਉਨ੍ਹਾਂ ਦੀ ਬੇਟੀ ਬੱਲਬ ਦਾ ਹੋਲਡਰ ਲੈਣ ਲਈ ਗਈ ਸੀ ਅਤੇ ਕਾਫੀ ਦੇਰ ਤੱਕ ਘਰ ਨਹੀਂ ਪਰਤੀ। ਉਸ ਦੀ ਤਲਾਸ਼ ਕੀਤੀ ਗਈ ਤਾਂ ਉਹ ਖੂਨ ਨਾਲ ਲਥ-ਪਥ ਹਾਲਤ ਵਿੱਚ ਆਉਂਦੀ ਵਿਖਾਈ ਦਿੱਤੀ। ਇਸ ਦੌਰਾਨ ਲੜਕੀ ਨੇ ਦੱਸਿਆ ਕਿ ਭੱਠੇ ’ਤੇ ਕੰਮ ਕਰਨ ਵਾਲਾ ਧਰਮਵੀਰ ਉਸ ਨੂੰ ਭੱਠੇ ਦੇ ਪਿੱਛੇ ਲੈ ਗਿਆ ਸੀ, ਜਿਥੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਮਗਰੋਂ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਡਾਕਟਰਾਂ ਨੇ ਕੁੜੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਉਧਰ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ਪਹੁੰਚੀ ਅਤੇ ਮੁਲਜ਼ਮ ਦੇ ਖਿਲਾਫ ਪੋਕਸੋ ਐਕਟ ਅਤੇ 376 ਏਬੀ ਦੇ ਤਹਿਤ ਕੇਸ ਦਰਜ ਕਰ ਲਿਆ। ਪੁਲੀਸ ਅਧਿਕਾਰੀ ਸੁਰੇਸ਼ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ ਅਤੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।