ਭੋਲਾ ਸਿੰਘ ਸ਼ਮੀਰੀਆ
ਪੰਜਾਬੀਆਂ ਦੀ ਇਕ ਵਿਸ਼ੇਸ਼ਤਾ ਹੈ ਕਿ ਜ਼ਿੰਦਗੀ ਦੇ ਕਠਿਨ ਕਾਰਜਾਂ ਨੂੰ ਇਕ ਪ੍ਰੀਖਿਆ ਸਮਝ ਕੇ ਕਰਦੇ ਹਨ। ਪ੍ਰੋ. ਪੂਰਨ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਵਿਚ ਇਨ੍ਹਾਂ ਨੂੰ ਮੌਤ ਨੂੰ ਮਖੌਲਾਂ ਕਰਨ ਵਾਲੇ ਦੱਸਿਆ ਹੈ। ਮੌਤ, ਜ਼ਿੰਦਗੀ ਦੀਆਂ ਕਠਿਨਾਈਆਂ ਦੀ ਸਿਖ਼ਰ ਹੁੰਦੀ ਹੈ। ਪਰ ਅਲਬੇਲੇ ਪੰਜਾਬੀ ਫਾਂਸੀ ਦੇ ਰੱਸਿਆਂ ਵਿਚੋਂ ਵੀ ਨਵੀਂ ਜ਼ਿੰਦਗੀ ਤਲਾਸ਼ ਲੈਂਦੇ ਹਨ। ਮੌਤ ਦੇ ਖੌ਼ਫ਼ਨਾਕ ਤਾਂਡਵ ਨੂੰ ਸ਼ਹੀਦੀ ਦਾ ਨਾਂ ਦੇ ਕੇ ਇਨ੍ਹਾਂ ਨੇ ਘੋੜੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਮੌਤ ਨੂੰ ਲਾੜੀ ਦੇ ਰੂਪ ਵਿਚ ਦੇਖਣਾ ਸ਼ੁਰੂ ਕਰ ਦੱਤਾ। ਨੀਹਾਂ ਵਿਚ ਖੜ੍ਹ ਕੇ ਵੀ ਮੌਤ ਨੂੰ ਜੈਕਾਰੇ ਮਾਰ ਕੇ ਬੁਲਾਉਣਾ ਇਨ੍ਹਾਂ ਦੇ ਹਿੱਸੇ ਹੀ ਆਇਆ ਹੈ।
ਅੱਜ ਕਰੋਨਾ ਮਹਾਮਾਰੀ ਕਰਕੇ ਸਾਰਾ ਵਿਸ਼ਵ ਸਹਿਮਿਆ ਪਿਆ ਹੈ। ਬੇਸ਼ੱਕ ਪੰਜਾਬ ਵਿਚ ਵੀ ਕਰੋਨਾ ਨੇ ਭਿਆਨਕ ਰੂਪ ਅਖ਼ਤਿਆਰ ਕੀਤਾ, ਪਰ ਪੰਜਾਬ ਦੀਆਂ ਲੋਕ ਬੋਲੀਆਂ ਭਾਵੇਂ ਉਹ ਮੌਖਿਕ ਹੋਣ ਜਾਂ ਲਿਖਤੀ ਸਮੇਂ ਦੇ ਸੱਚ ਨੂੰ ਲੁਕੋ ਨਹੀਂ ਸਕਦੀਆਂ। ਪੰਜਾਬ ਵਿਚ ਧੜਕਦੀ ਹਰ ਲਹਿਰ ਨੂੰ ਲੋਕ ਬੋਲੀਆਂ ਨੇ ਆਪਣੇ ਕਲਾਵੇ ਵਿਚ ਲਿਆ ਹੈ। ਬੇਸ਼ੱਕ ਇਹ ਜ਼ਿੰਦਗੀ ਦਾ ਇਕ ਦੁਖਾਂਤਕ ਪੱਖ ਹੈ, ਪਰ ਮਾਨਵਤਾ ਦੇ ਅੰਦਰ ਧੜਕ ਰਹੀ ਕਰੋਨਾ ਵਰਗੀ ਵੇਦਨਾ ਨੂੰ ਵੀ ਪੰਜਾਬੀਆਂ ਨੇ ਲੋਕ ਬੋਲੀਆਂ ਦੇ ਕੰਧੇੜੇ ਚਾੜ੍ਹ ਕੇ ਗਿੱਧੇ ਦੇ ਪਿੜ ਵਿਚ ਨੱਚਣ ਲਾ ਦਿੱਤਾ ਹੈ। ਕਰੋਨਾ ਦੇ ਡਰ ਨੂੰ ਮਨੋਰੰਜਕ ਪ੍ਰਵਿਰਤੀਆਂ ਵਿਚ ਬਦਲ ਕੇ ਕਰੋਨਾ ਦੀ ਲਹਿਰ ਨੂੰ ਇਕ ਚੁਣੌਤੀ ਦੇ ਰੂਪ ਵਿਚ ਲਿਆ ਹੈ। ਕਰੋਨਾ ਸਬੰਧੀ ਉਤਪੰਨ ਹੋਈਆਂ ਲੋਕ ਬੋਲੀਆਂ ਰਾਹੀਂ ਪੰਜਾਬਣਾਂ ਨੇ ਆਪਣੇ ਵਲਵਲਿਆਂ ਨੂੰ ਕਰੋਨਾ ਦੀ ਪੀੜ ਵਿਚ ਗੁੰਨ੍ਹ ਕੇ ਇਨ੍ਹਾਂ ਨੂੰ ਆਨੰਦਮਈ ਤੇ ਹੁਲਾਸਮਈ ਬਣਾਇਆ ਹੈ।
ਅੱਜ ਕਰੋਨਾ ਦੀ ਲਾਗ ਤੋਂ ਬਚਣ ਲਈ ਹਰ ਸ਼ਖ਼ਸ ਬੋਚ-ਬੋਚ ਕੇ ਚੱਲਦਾ ਹੈ। ਸਾਬਣ ਨਾਲ ਹੱਥ ਧੋਣ ਜਾਂ ਆਪਣੇ ਆਪ ਨੂੰ ਸੈਨੇਟਾਈਜ਼ ਕਰਨ ਤੋਂ ਬਿਨਾਂ ਕੋਈ ਵੀ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦਾ। ਭਾਵੇਂ ਇਹ ਇਕ ਚੰਗਾ ਰੁਝਾਨ ਹੈ, ਪਰ ਇਕ ਨੌਜਵਾਨ ਜਦੋਂ ਬਾਹਰੋਂ ਆਪਣੇ ਘਰ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੀ ਘਰਵਾਲੀ ਉਸ ਨੂੰ ਬੂਹੇ ‘ਤੇ ਹੀ ਰੋਕ ਦਿੰਦੀ ਹੈ। ਇਸ ਤੱਥ ਦੀ ਪੁਸ਼ਟੀ ਇਕ ਲੋਕ ਬੋਲੀ ਇਉਂ ਕਰਦੀ ਹੈ:
ਬਾਹਰੋਂ ਆਇਐਂ ਖੜਜਾ ਏਥੇ,
ਅੰਦਰੋਂ ਹੁਕਮ ਸੁਣਾਤਾ।
ਸਾਨੂੰ ਕਰੋਨਾ ਹੋ ਨਾ ਜਾਵੇ,
ਨਵਾਂ ਬਹਾਨਾ ਲਾਤਾ।
ਬਾਹਰੋਂ ਆਏ ਨੂੰ,
ਖੁਰਲੀ ਕੋਲ ਬਿਠਾਤਾ।
ਨੂੰਹ-ਸੱਸ ਦੀ ਨੋਕ-ਝੋਕ ਸਾਡੇ ਗੀਤਾਂ ਅਤੇ ਲੋਕ ਬੋਲੀਆਂ ਵਿਚ ਅਕਸਰ ਹੀ ਹੁੰਦੀ ਰਹਿੰਦੀ ਹੈ। ਦੋ ਪੀੜ੍ਹੀਆਂ ਦਾ ਇਕ ਪ੍ਰਤੀਨਿਧ ਰਿਸ਼ਤਾ ਸਾਡੇ ਸਮਾਜ ਵਿਚ ਟਕਰਾਅ ਦਾ ਕਾਰਨ ਬਣਦਾ ਰਹਿੰਦਾ ਹੈ। ਇਸ ਵਿਚ ਵਿਅੰਗ ਅਤੇ ਚੋਭਾਂ ਲੁਕਵੇਂ ਰੂਪ ਵਿਚ ਅੰਗੜਾਈਆਂ ਲੈਂਦੀਆਂ ਰਹਿੰਦੀਆਂ ਹਨ। ਇਸ ਰਿਸ਼ਤੇ ਦੀਆਂ ਆਪਣੀਆਂ ਹੀ ਕੁਝ ਸੀਮਾਵਾਂ ਹਨ ਜੋ ਉੱਭਰਵੇਂ ਰੂਪ ਵਿਚ ਪ੍ਰਦਰਸ਼ਿਤ ਨਹੀਂ ਹੁੰਦੀਆਂ, ਪਰ ਗਿੱਧੇ ਦੇ ਪਿੜ ਵਿਚ ਇਹ ਦੱਬੇ-ਘੁੱਟੇ ਜਜ਼ਬਾਤ ਮੱਚ ਉੱਠਦੇ ਹਨ। ਇਕ ਔਰਤ ਇਕ ਲੋਕ ਬੋਲੀ ਰਾਹੀਂ ਆਪਣੀ ਸੱਸ ਨੂੰ ਕਰੋਨਾ ਦੀ ਪੀੜਤ ਦਿਖਾ ਕੇ ਆਪਣੇ ਸਹੁਰੇ ਦੀ ਹਮਦਰਦੀ ਬਾਰੇ ਗੁੱਝਾ ਵਿਅੰਗ ਕਰਦੀ ਹੈ:
ਸੱਸ ਮੇਰੀ ਨੂੰ ਹੋਇਆ ਕਰੋਨਾ,
ਅੱਡ ਕਰ ਦਿੱਤੇ ਭਾਂਡੇ।
ਮੰਜਾ-ਪੀੜ੍ਹੀ, ਲੀੜਾ ਲੱਤਾ, ਨਾ ਹੁਣ ਰੱਖੇ ਸਾਂਝੇ।
ਸਹੁਰਾ ਮੇਰਾ ਦੇਵੇ ਹੌਸਲਾ, ਬੈਠਾ ਵਿਚ ਵਰਾਂਡੇ।
ਨੀਂ ਤਕੜੀ ਹੋਜੇਂਗੀ, ਖਾ ਲਿਆ ਕਰ ਦੋ ਆਂਡੇ।
ਜਦੋਂ ਦਿਲ ਦੀ ਇਕ ਵੀ ਰੀਝ ਦਾ ਕਤਲ ਹੋ ਜਾਵੇ ਤਾਂ ਪੀੜਤ ਧਿਰ ਹੋਰ ਕੁਝ ਨਾ ਕਰ ਸਕਣ ਤੇ ਸਰਾਪ ਦੇਣ ਵਰਗੇ ਉਲਾਂਭੇ ਦੇਣ ‘ਤੇ ਉਤਰ ਆਉਂਦੀ ਹੈ। ਇਕ ਨੌਜਵਾਨ ਆਪਣੀ ਪ੍ਰੇਮਿਕਾ ਦੇ ਕਿਤੇ ਹੋਰ ਵਿਆਹ ਕਰਵਾ ਲੈਣ ‘ਤੇ ਤੜਫ਼ ਉੱਠਦਾ ਹੈ। ਉਹ ਉਸ ਨੂੰ ਕਰੋਨਾ ਦੀ ਬਿਮਾਰੀ ਦਾ ਸਰਾਪ ਦਿੰਦਾ ਹੋਇਆ ਇਕ ਲੋਕ ਬੋਲੀ ਵਿਚ ਇਉਂ ਕਹਿੰਦਾ ਹੈ:
ਤੇਰੇ ਮਾਰੇ ਨੇ ਵਿਆਹ ਨਾ ਕਰਾਇਆ, ਜਾ ਕੇ ਬਹਿ ਗਿਆ ਡੇਰੇ।
ਲਿਖਣਹਾਰੇ ਨੇ ਲਿਖਤੇ ਮੇਰੇ, ਕਰਮਾਂ ਦੇ ਵਿਚ ਨੇਰ੍ਹੇ।
ਮੇਰੇ ਨਾਲ ਤੂੰ ਵਾਅਦਾ ਕਰਕੇ,
ਲੈ ਲਏ ਹੋਰ ਥਾਂ ਫੇਰੇ।
ਨੀਂ ਭੂੰਡ ਕਰੋਨਾ ਦਾ, ਲੜਜੇ ਵੈਰਨੇ ਆ ਕੇ।
ਕਰੋਨਾ ਦੀ ਭਿਆਨਕ ਬਿਮਾਰੀ ਤੋਂ ਹਰ ਪ੍ਰਾਣੀ ਭੈਅਭੀਤ ਹੈ। ਇਕ ਵਿਆਂਦੜ ਧੀ ਨੂੰ ਜਿੱਥੇ ਆਪਣੇ ਸਹੁਰੇ ਘਰ ਦੀ ਚਿੰਤਾ ਹੈ, ਉੱਥੇ ਉਸ ਨੂੰ ਪੇਕਿਆਂ ਦੇ ਪਰਿਵਾਰ ਦੀ ਚਿੰਤਾ ਵੀ ਸਤਾਉਂਦੀ ਹੈ। ਇਕ ਮੁਟਿਆਰ ਆਪਣੀ ਭਰਜਾਈ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਦੀ ਹੋਈ ਉਸ ਨੂੰ ਇਕ ਬੋਲੀ ਰਾਹੀਂ ਕੁਝ ਸੁਝਾਅ ਦਿੰਦੀ ਹੋਈ ਕਹਿੰਦੀ ਹੈ:
ਵੀਰੇ ਨੂੰ ਸਮਝਾਈ ਭਾਬੋ,
ਜਾਣ ਨਾ ਦੇਈਂ ਠੇਕੇ।
ਬੜਾ ਕਰੋਨਾ ਚੰਦਰਾ ਕਹਿੰਦੇ,
ਅੰਗ-ਸਾਕ ਨਾ ਦੇਖੇ।
ਚਾਹ ਵਿਚ ਪਾਈਂ ਤੁਲਸੀ ਭਾਬੋ,
ਸਬਜ਼ੀ ਦੇ ਵਿਚ ਮੇਥੇ।
ਮੂੰਹ ਦੇ ਉੱਤੋਂ ਲਾਹ ਨਾ ਦੇਈਂ,
ਮਾਸਕ ਭੁੱਲ-ਭੁਲੇਖੇ।
ਬਚ ਕੇ ਰਹਿ ਭਾਬੋ, ਥੋਡੇ ਨਾਲ ਹੀ ਪੇਕੇ।
ਔਰਤ ਸ਼ੁਰੂ ਤੋਂ ਹੀ ਹਾਰ ਸ਼ਿੰਗਾਰ ਦੀ ਸ਼ੌਕੀਨ ਰਹੀ ਹੈ। ਗਹਿਣਿਆਂ ਨਾਲ ਔਰਤ ਨੂੰ ਮੁੱਢ-ਕਦੀਮ ਤੋਂ ਹੀ ਮੁਹੱਬਤ ਹੈ। ਗਹਿਣਿਆਂ ਨੂੰ ਪਹਿਨਣਾ ਤੇ ਪ੍ਰਦਰਸ਼ਿਤ ਕਰਨਾ ਇਸ ਦੀ ਨਿੱਗਰ ਵਿਸ਼ੇਸ਼ਤਾ ਹੈ, ਪਰ ਕਰੋਨਾ ਦੀ ਮਾਰ ਤੋਂ ਬਚਣ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਕਰੋਨਾ ਦਾ ਵਾਇਰਸ ਨੱਕ ਜਾਂ ਮੂੰਹ ਰਾਹੀਂ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦਾ ਹੈ, ਪਰ ਇਹ ਮਾਸਕ ਮੁਟਿਆਰਾਂ ਦੇ ਸੁਹੱਪਣ ਨੂੰ ਪ੍ਰਦਰਸ਼ਿਤ ਨਹੀਂ ਹੋਣ ਦੇ ਰਿਹਾ ਕਿਉਂਕਿ ਇਸ ਦੇ ਪਹਿਨਣ ਨਾਲ ਚਿਹਰੇ ਦਾ ਅੱਧਾ ਹਿੱਸਾ ਮਾਸਕ ਦੇ ਹੇਠ ਆ ਜਾਂਦਾ ਹੈ। ਇਸ ਪੀੜਾ ਨੂੰ ਇਕ ਮੁਟਿਆਰ ਲੋਕ-ਬੋਲੀ ਰਾਹੀਂ ਇਉਂ ਪੇਸ਼ ਕਰਦੀ ਹੈ:
ਸ਼ੌਕ ਨਾਲ ਮੈਂ ਲੌਂਗ ਘੜਾਇਆ
ਨਜ਼ਰ ਕਿਸੇ ਨੇ ਲਾਤੀ।
ਚੰਦਰੇ ਮਾਸਕ ਨੇ,
ਨੱਕ ਦੀ ਟੌਹਰ ਗੁਆਤੀ।
ਅੰਤ ਇਹ ਲੋਕ ਬੋਲੀਆਂ ਕਰੋਨਾ ਮਹਾਮਾਰੀ ਤੋਂ ਬਚਣ ਲਈ ਇਕ ਸੰਦੇਸ਼ਵਾਹਕ ਬਣ ਕੇ ਸਾਡੇ ਅੰਗ-ਸੰਗ ਆ ਖੜ੍ਹਦੀਆਂ ਹਨ। ਇਹ ਲੋਕ ਬੋਲੀਆਂ ਦੁੱਖਾਂ ਵਿਚ ਸ਼ਰੀਕ ਬਣ ਕੇ ਢੁਕਦੀਆਂ ਹਨ ਅਤੇ ਸਾਨੂੰ ਇਸ ਤੋਂ ਬਚਣ ਲਈ ਕਾਵਿ-ਰੂਪ ਵਿਚ ਹੀ ਸੁਚੇਤ ਕਰਦੀਆਂ ਹਨ:
ਨਾ ਹੀ ਕਿਸੇ ਦੇ ਆਈਏ ਜਾਈਏ,
ਨਾ ਹੀ ਹੱਥ ਮਿਲਾਈਏ।
ਸਾਡੇ ਘਰ ਨਾ ਆਇਓ ਕੋਈ,
ਲਿਖ ਤਖ਼ਤੇ ‘ਤੇ ਲਾਈਏ।
ਜੀਜੇ, ਫੁੱਫੜਾਂ ਨੂੰ ਦੂਰੋਂ ਫਤਿਹ ਬੁਲਾਈਏ।
ਸੰਪਰਕ: 95010-12199