ਸਤਪਾਲ ਰਾਮਗੜ੍ਹੀਆ
ਪਿਹੋਵਾ, 2 ਜੁਲਾਈ
ਕਿਸਾਨਾਂ ਨੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਉਸ ਦੇ ਭਰਾ ਲੈਫਟੀਨੈਂਟ ਬਿਕਰਮਜੀਤ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਕਿਸਾਨਾਂ ਨੇ ਪਿੰਡ ਟਿਕਰੀ ਵਿੱਚ ਬਿਕਰਮਜੀਤ ਸਿੰਘ ਵੱਲੋਂ ਕਿਸਾਨ ਆਗੂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਵਿਰੋਧ ਵਿੱਚ ਪੰਚਾਇਤ ਕੀਤੀ, ਜਿਸ ਵਿੱਚ ਕਿਸਾਨਾਂ ਨੇ ਫੈਸਲਾ ਲਿਆ ਕਿ ਖੇਡ ਮੰਤਰੀ ਸੰਦੀਪ ਸਿੰਘ ਅਤੇ ਉਸ ਦੇ ਵੱਡੇ ਭਰਾ ਬਿਕਰਮਜੀਤ ਸਿੰਘ, ਕਿਸਾਨ ਆਗੂ ਕੰਵਲਜੀਤ ਸਿੰਘ ਤੋਂ 8 ਜੁਲਾਈ ਤੱਕ ਵੀਡੀਓ ਰਾਹੀਂ ਮੁਆਫੀ ਮੰਗਣ ਨਹੀਂ ਤਾਂ ਅਗਲੇ ਦਿਨ ਕਿਸਾਨਾਂ ਵੱਲੋਂ ਦੋਹਾਂ ਜਣਿਆਂ ਦਾ ਮੁੱਖ ਚੌਕ ਵਿੱਚ ਪੁਤਲਾ ਸਾੜਿਆ ਜਾਵੇਗਾ।
ਭਾਕਿਯੂ ਦੇ ਪ੍ਰੈੱਸ ਬੁਲਾਰੇ ਪ੍ਰਿੰਸ ਵੜੈਚ ਨੇ ਦੱਸਿਆ ਕਿ ਕਿਸਾਨ ਆਗੂ ਨੂੰ ਦਿੱਤੀ ਧਮਕੀ ਦੇ ਵਿਰੋਧ ਵਿੱਚ ਕਿਸਾਨ ਪੰਚਾਇਤ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਕੰਵਲਜੀਤ ਸਿੰਘ ਖਿਲਾਫ ਕੋਈ ਕਾਰਵਾਈ ਕੀਤੀ ਗਈ ਤਾਂ ਕਿਸਾਨ ਜ਼ੋਰਦਾਰ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਖੇਡ ਮੰਤਰੀ ਸੰਦੀਪ ਸਿੰਘ ਨੇ ਪਿੰਡ ਟਕਰੀ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ। ਜਦੋਂ ਕਿਸਾਨਾਂ ਨੂੰ ਪ੍ਰੋਗਰਾਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੰਦੀਪ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਸੰਦੀਪ ਸਿੰਘ ਪ੍ਰੋਗਰਾਮ ਛੱਡ ਕੇ ਮੌਕੇ ਤੋਂ ਚਲੇ ਗਿਆ। ਇਸ ਤੋਂ ਬਾਅਦ ਸੰਦੀਪ ਸਿੰਘ ਦੇ ਵੱਡੇ ਭਰਾ ਲੈਫਟੀਨੈਂਟ ਬਿਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਉਸੇ ਜਗ੍ਹਾ ਪ੍ਰੋਗਰਾਮ ਉਲੀਕਣ ਦੀ ਚੁਣੌਤੀ ਦਿੱਤੀ ਸੀ ਅਤੇ ਭਾਕਿਯੂ ਦੇ ਹਲਕਾ ਪਿਹੋਵਾ ਦੇ ਪ੍ਰਧਾਨ ਕੰਵਲਜੀਤ ਛੱਜੂਪੁਰ ਨੂੰ ਫੋਨ ਤੇ ਐਨਡੀਪੀਐਸ ਐਕਟ ਤਹਿਤ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ। ਅੱਜ ਕਿਸਾਨਾਂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਬਿਕਰਮਜੀਤ ਸਿੰਘ ਪ੍ਰੋਗਰਾਮ ਵਾਲੀ ਥਾਂ ਨਹੀਂ ਪਹੁੰਚੇ। ਦੋ ਦਿਨ ਪਹਿਲਾਂ ਐੱਸਡੀਐੱਮ ਸੋਨੂੰ ਰਾਮ, ਡੀਐੱਸਪੀ ਗੁਰਮੇਲ ਸਿੰਘ, ਥਾਣਾ ਸਦਰ ਇੰਚਾਰਜ ਸਤੀਸ਼ ਕੁਮਾਰ, ਤਹਿਸੀਲਦਾਰ ਅਚਿਨ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਕਿਸਾਨ ਬਿਨਾਂ ਕਿਸੇ ਰਾਜਨੀਤਕ ਦਬਾਅ ਦੇ ਪ੍ਰਸ਼ਾਸਨ ਤੋਂ ਬਿਨਾਂ ਕੋਈ ਕਾਰਵਾਈ ਨਾ ਕਰਨ ਦੇ ਭਰੋਸੇ ’ਤੇ ਸਹਿਮਤ ਹੋ ਗਏ ਸਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਦੋਹਾਂ ਦਾ ਵਿਰੋਧ ਕਰਦੇ ਰਹਿਣਗੇ।