ਸ਼ਗਨ ਕਟਾਰੀਆ
ਜੈਤੋ, 2 ਜੁਲਾਈ
ਅੰਦੋਲਨਕਾਰੀ ਕਿਸਾਨਾਂ ਵੱਲੋਂ ਧਰਨਾਕਾਰੀ ਅਕਾਲੀਆਂ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਧਰਨਾ ਵਿਚਾਲੇ ਛੱਡ ਕੇ ਖਿਸਕਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਆਪੀ ਪ੍ਰੋਗਰਾਮ ਤਹਿਤ ਇਹ ਧਰਨਾ ਇਥੇ ਬਿਜਲੀ ਘਰ ਵਿੱਚ ਚੱਲ ਰਿਹਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸੰਘਰਸ਼ੀ ਕਿਸਾਨ ਕਾਲੇ ਝੰਡਿਆਂ ਨਾਲ ਉੱਥੇ ਪੁੱਜੇ। ਇਹ ਦੇਖ ਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੁਲੀਸ ਨੇ ਕਿਸਾਨਾਂ ਨੂੰ ਬਿਜਲੀ ਘਰ ਦੇ ਦਰਵਾਜ਼ੇ ਕੋਲ ਰੋਕ ਲਿਆ। ਧਰਨਾਕਾਰੀ ਨਾਅਰੇ ਲਾ ਰਹੇ ਸਨ ਕਿ ‘ਮਰੀਆਂ ਜ਼ਮੀਰਾਂ ਵਾਲਿਓ, ਸ਼ਰਮ ਕਰੋ! ਸ਼ਰਮ ਕਰੋ!!’, ‘ਕਿਸਾਨੀ ਮੁੱਦਿਆਂ ’ਤੇ ਰੋਟੀਆਂ ਸੇਕਣੀਆਂ ਬੰਦ ਕਰੋ’ ਆਦਿ।
ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਜਲੀ ਕਟੌਤੀ ਕਾਰਨ ਅਕਾਲੀਆਂ ਨੂੰ ਕਿਸਾਨਾਂ ਨਾਲ ਕੋਈ ਹੇਜ਼ ਨਹੀਂ, ਬਲਕਿ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਹਾਈ ਵੋਲਟੇਜ਼ ਡਰਾਮੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਹਮਦਰਦੀ ਹੈ ਤਾਂ ਦਿੱਲੀ ਕਿਸਾਨ ਅੰਦੋਲਨ ’ਚ ਜਾ ਕੇ ਡਟਣ ਜਾਂ ਬਿਜਲੀ ਸੰਕਟ ਖ਼ਿਲਾਫ਼ ਕਿਸਾਨੀ ਧਰਨਿਆਂ ਵਿੱਚ ਆਉਣ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਕਿਸਾਨਾਂ ਨਾਲ ਹਮਦਰਦੀ ਉਦੋਂ ਹੀ ਜੱਗ ਜ਼ਾਹਿਰ ਹੋ ਗਈ ਸੀ, ਜਦੋਂ ਬਾਦਲਾਂ ਦੇ ਟੱਬਰ ਦੇ ਸਾਰੇ ਜੀਅ ਖੇਤੀ ਕਾਨੂੰਨਾਂ ਦੇ ਹੱਕ ’ਚ ਟੈਲੀਵਿਜ਼ਨਾਂ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਧਰਨੇ ’ਚ ਉਹ ਕਿਸਾਨ ਵੀ ਸ਼ਾਮਲ ਹਨ, ਜੋ ਆਪਣੇ ਅੰਦੋਲਨਕਾਰੀ ਭਰਾਵਾਂ ਨਾਲ ਦਗਾ ਕਮਾ ਕੇ ਲੁਟੇਰਿਆਂ ਦਾ ਸਾਥ ਦੇ ਰਹੇ ਹਨ।
ਇਸ ਤਣਾਅ ਭਰੇ ਮਾਹੌਲ ਦਾ ਅੰਤ ਉਦੋਂ ਹੋਇਆ, ਜਦੋਂ ਜੈਤੋ ਹਲਕੇ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਧਰਨਾ ਦੇ ਰਹੇ ਮੁਕਾਮੀ ਆਗੂ ਅਤੇ ਵਰਕਰ ਹੌਲੀ-ਹੌਲੀ ਕਰਕੇ ਧਰਨੇ ’ਚੋਂ ਖਿਸਕ ਗਏ ਅਤੇ ਕਿਸਾਨ ਧਰਨੇ ਲਈ ਸਜੇ ਪੰਡਾਲ ’ਤੇ ਕਬਜ਼ਾ ਕਰਕੇ ਉਥੇ ਬੈਠ ਗਏ।
ਮਨਤਾਰ ਬਰਾੜ ਦਾ ਵਿਰੋਧ
ਕੋਟਕਪੂਰਾ: ਪਿੰਡ ਕੋਟਸੁਖੀਏ ਵਿੱਚ ਕਿਸਾਨਾਂ ਨੇ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਦਰਅਸਲ, ਅਕਾਲੀ ਦਲ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਦੇ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕੋਟਸੁਖੀਏ ਬਿਜਲੀ ਗਰਿੱਡ ਵਿੱਚ ਕੈਪਟਨ ਸਰਕਾਰ ਵਿਰੁੱਧ ਧਰਨਾ ਦੇਣ ਦੀ ਸੂਹ ਮਿਲਦਿਆਂ ਹੀ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਗਰਿੱਡ ਤੋਂ ਥੋੜ੍ਹੀ ਦੂਰੀ ’ਤੇ ਕਿਸਾਨ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨੇ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਕਿਸਾਨ ਆਗੂ ਦਰਸ਼ਨ ਸਿੰਘ ਜ਼ੈਲਦਾਰ ਕੋਟਸੁਖੀਆ ਨੇ ਦੱਸਿਆ ਕਿ ਪਿਛਲੇ ਸੱਤ ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰਦਿਆਂ ਮੌਸਮਾਂ ਦੀ ਮਾਰ ਝੱਲ ਰਹੇ ਹਨ ਪਰ ਸਿਆਸੀ ਆਗੂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਈ ਹੋਈ ਤਾਂ ਇਹ ਜਾਣ-ਬੁੱਝ ਕੇ ਮਾਹੌਲ ਖਰਾਬ ਕਿਉਂ ਕਰ ਰਹੇ ਹਨ। -ਟਨਸ