ਨਵੀਂ ਦਿੱਲੀ, 3 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਜਾਂਚ ’ਚ ਦਿੱਲੀ ਦੇ ਫਰੀਲਾਂਸ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰ ਰਾਜੀਵ ਸ਼ਰਮਾ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਪਹਿਲੀ ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸ਼ੁੱਕਰਵਾਰ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਰਮਾ ਦੀ ਈਡੀ ਨੂੰ ਸੱਤ ਦਿਨਾਂ ਲਈ ਹਿਰਾਸਤ ਦੇ ਦਿੱਤੀ ਹੈ। ਚੀਨੀ ਖ਼ੁਫੀਆ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਜੀਵ ਸ਼ਰਮਾ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪਿਛਲੇ ਸਾਲ 14 ਸਤੰਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਭਾਰਤੀ ਫ਼ੌਜ ਦੇ ਟਿਕਾਣਿਆਂ ਤੇ ਮੁਲਕ ਦੀ ਸਰਹੱਦੀ ਰਣਨੀਤੀ ਦੀ ਜਾਣਕਾਰੀ ਚੀਨੀ ਅਧਿਕਾਰੀਆਂ ਨੂੰ ਦੇਣ ਦਾ ਦੋਸ਼ ਲਾਇਆ ਗਿਆ ਸੀ। ਰਾਜੀਵ ਸ਼ਰਮਾ ਯੂਟਿਊਬ ਚੈਨਲ ਚਲਾਉਂਦਾ ਹੈ ਤੇ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ। -ਪੀਟੀਆਈ