ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਟਰੱਕ ਅਪਰੇਟਰਾਂ ਨੇ ਤੇਲ ਕੀਮਤਾਂ ਖ਼ਿਲਾਫ਼ ਰੋਸ ਵਜੋਂ ਖੱਚਰ ਰੇਹੜੇ ਨਾਲ ਟਰੱਕ ਬੰਨ੍ਹ ਕੇ ਖਿੱਚੇ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ ’ਚ ਭਾਰੀ ਵਾਧੇ ਨੇ ਟਰਾਂਸਪੋਟਰਾਂ ਦੇ ਨਾਲ-ਨਾਲ ਹਰ ਵਰਗ ਦਾ ਕਚੂੰਮਰ ਕੱਢ ਦਿੱਤਾ ਹੈ।
ਟਰੱਕ ਅਪਰੇਟਰ ਯੂਨੀਅਨ ਪ੍ਰਧਾਨ ਤੇ ਜਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਤੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੇ ਕਿਹਾ ਕਿ ਤੇਲ ਦੀ ਜਿੰਨੀ ਮਹਿੰਗਾਈ ਮੋਦੀ ਸਰਕਾਰ ਸਮੇਂ ਹੋਈ ਹੈ, ਇਹ ਆਪਣੇ ਆਪ ਵਿੱਚ ਰਿਕਾਰਡ ਹੈ। ਕਿਸਾਨ ਕਰੀਬ 7 ਮਹੀਨਿਆਂ ਤੋਂ ਲਗਾਤਾਰ ਸੜਕਾਂ ਅਤੇ ਦਿੱਲੀ ਦੇ ਬਾਰਡਰਾਂ ’ਤੇ ਆਪਣਾ ਘਰ ਬਾਰ ਛੱਡ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਹਨ ਪਰ ਪ੍ਰਧਾਨ ਮੰਤਰੀ ਆਪਣਾ ਅਡੀਅਲ ਰਵੱਈਆ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਕੇਂਦਰ ਸਰਕਾਰ ਹੈ ਜਿਸ ਨੇ ਤੇਲ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਮੌਕੇ ਰਵੀ ਪੰਡਤ, ਰਮਨ ਮੱਕੜ, ਸਿਮਰਨਜੀਤ ਸਿੰਘ ਬਿੱਲਾ, ਬਲਵੰਤ ਰਾਏ ਪੰਮਾਂ, ਜੋਬਨ ਸਿੱਧੂ, ਹਨੀ ਸੋਢੀ, ਦਲਜੋਤ ਤੂਰ, ਜਸਵੰਤ ਸਿੰਘ ਮਹਿਣਾ, ਸਰਬਜੀਤ ਕੌਰ ਮਾਹਲਾ ਤੇ ਆੜ੍ਹਤੀ ਯੂਨੀਅਨ ਪ੍ਰਧਾਨ ਪ੍ਰਭਦੀਪ ਸਿੰਘ ਕਾਲਾ ਧੱਲੇਕੇ ਨੇ ਵੀ ਸੰਬੋਧਨ ਕੀਤਾ।