ਸਾਂਵਲ ਧਾਮੀ
ਸੰਤਾਲੀ ਤੋਂ ਪਹਿਲਾਂ ਹੁਸ਼ਿਆਰਪੁਰ ਦੀਆਂ ਦਸੂਹਾ ਅਤੇ ਮੁਕੇਰੀਆਂ ਤਹਿਸੀਲਾਂ ਮੁਸਲਿਮ ਬਹੁਤਾਤ ਵਾਲੀਆਂ ਸਨ। ਦਸੂਹਾ ਦੇ ਨੇੜੇ-ਨੇੜੇ ਬਹੁਤੇ ਪਿੰਡ ਡੋਗਰਾਂ ਦੇ ਸਨ ਤੇ ਮੁਕੇਰੀਆਂ ਦੇ ਆਲੇ-ਦੁਆਲੇ ਅਵਾਣਾਂ ਦੇ। ਦਸੂਹੇ ਦੇ ਲਹਿੰਦੇ ਪਾਸੇ ਕਲਿਆਣ, ਛਾਂਗਲਾ, ਕੋਟਲੀ ਆਦਿ ਪਿੰਡ ਮੁਸਲਮਾਨ ਜੱਟਾਂ ਦੇ ਪਿੰਡ ਸਨ। ਇਨ੍ਹਾਂ ਤਹਿਸੀਲਾਂ ’ਚ ਪਠਾਣਾਂ, ਮੁਸਲਮਾਨ ਗੁੱਜਰਾਂ ਤੇ ਰਾਜਪੂਤਾਂ ਦੀ ਵਸੋਂ ਬਹੁਤ ਘੱਟ ਸੀ। ਗੁੱਜਰਾਂ ਦੇ ਪਿੰਡ ਬਿਆਸ ਦਰਿਆ ਦੇ ਨਾਲ-ਨਾਲ ਸਨ। ਇਨ੍ਹਾਂ ’ਚੋਂ ਆਲਮਪੁਰ ਕੋਟਲਾ ਪੰਜਾਬੀ ਦੇ ਵੱਡੇ ਸ਼ਾਇਰ ਮੀਆਂ ਗੁਲਾਮ ਰਸੂਲ ਦਾ ਪਿੰਡ ਹੈ। ਆਲਮਪੁਰ ਤੋਂ ਲਹਿੰਦੇ ਪਾਸੇ ਮਸ਼ਹੂਰ ਪਿੰਡ ਮਿਆਣੀ ਪਠਾਣਾ ਆ ਜਾਂਦਾ। ਇਸ ਪਿੰਡ ਨੇ ਦੋਵਾਂ ਪੰਜਾਬਾਂ ਦੇ ਇਨਕਲਾਬੀ ਸ਼ਾਇਰ ਜਨਾਬ ਹਬੀਬ ਜਾਲਿਬ ਨੂੰ ਜਨਮ ਦਿੱਤਾ ਸੀ। ਸੰਤਾਲੀ ਤੋਂ ਪਹਿਲਾਂ ਇਸ ਪਿੰਡ ਦਾ ਜ਼ੈਲਦਾਰ ਕਰਾਰ ਖਾਂ ਇਲਾਕੇ ਦੀ ਮਸ਼ਹੂਰ ਹਸਤੀ ਸੀ।

ਇਸ ਇਲਾਕੇ ਦਾ ਸਭ ਨਾਲੋਂ ਚਰਚਿਤ ਅਤੇ ਵੱਡਾ ਜਾਗੀਰਦਾਰ ਭੰਗਾਲਾ ਰਿਆਸਤ ਦਾ ਮਾਲਕ ਰਾਏ ਫੈਸਲ ਹਸਨ ਭੱਟੀ ਸੀ। ਉਹਦੀ ਜਾਗੀਰ ’ਚ ਕਰੀਬ ਬਾਈ ਪਿੰਡ ਸ਼ਾਮਲ ਸਨ। ਨਿਰੋਲ ਹਿੰਦੂ ਜਾਂ ਸਿੱਖਾਂ ਦੇ ਪਿੰਡਾਂ ’ਚ ਵੀ ਕੁਝ ਘਰ ਮੁਸਲਮਾਨਾਂ ਦੇ ਜ਼ਰੂਰ ਹੁੰਦੇ ਸਨ। ਅਮੂਮਨ ਇਹ ਭੋਇੰ-ਵਿਹੂਣੇ ਲੋਕ ਹੁੰਦੇ ਸਨ। ਇਨ੍ਹਾਂ ’ਚ ਫ਼ਕੀਰ, ਤੇਲੀ, ਧੋਬੇ, ਭਰਾਈ ਤੇ ਮੀਰ ਆਲਮ ਆਦਿ ਹੁੰਦੇ ਸਨ। ਅਜਿਹੇ ਪਿੰਡਾਂ ’ਚ ਝਿੰਗੜ ਖੁਰਦ ਅਤੇ ਕਲਾਂ, ਬੋਦਲਾਂ, ਬਾਜਵਾ, ਚੱਕ ਮੋਹਰੀ, ਧਾਮੀਆਂ, ਡਾਲੋਵਾਲ ਆਦਿ ਪਿੰਡਾਂ ਨੂੰ ਰੱਖਿਆ ਜਾ ਸਕਦਾ ਹੈ। ਇਸ ਇਲਾਕੇ ’ਚ ਸੰਤਾਲੀ ਤੋਂ ਬਾਅਦ ਬਹੁਤੇ ਸਿਆਲਕੋਟੀਏ ਜੱਟ ਅਤੇ ਇਸੀ ਇਲਾਕੇ ’ਚੋਂ ਬਾਰ ’ਚ ਗਏ ਹਿੰਦੂ ਰਾਜਪੂਤ ਵੀ ਆਣ ਵੱਸੇ ਨੇ। ਇਸ ਇਲਾਕੇ ’ਚ ਕੁਝ ਪਿੰਡ ਸੈਣੀਆਂ ਅਤੇ ਬਾਹਤੀ ਬਰਾਦਰੀ ਦੇ ਵੀ ਹਨ।
ਦੋ ਸਾਲ ਪਹਿਲਾਂ ਮੈਂ ਇਸ ਇਲਾਕੇ ਦੇ ਪਿੰਡ ਝਰੇੜੀਆਂ ਦੇ ਇਕ ਬਜ਼ੁਰਗ ਨੂੰ ਮਿਲਿਆ ਸਾਂ। ਉਹਨੇ ਮੈਨੂੰ ਡਾਲੋਵਾਲ ਪਿੰਡ ਦਾ ਦਰਦਨਾਕ ਵਾਕਿਆ ਸੁਣਾਇਆ ਸੀ। ਮੈਂ ਉਸੀ ਗੱਲ ਨੂੰ ਡਾਲੋਵਾਲ ਪਿੰਡਾਂ ਦੇ ਚਸ਼ਮੇ-ਦੀਦ ਗਵਾਹਾਂ ਕੋਲੋਂ ਸੁਣਨਾ ਚਾਹੁੰਦਾ ਸਾਂ। ਇਸੀ ਮਕਸਦ ਨਾਲ ਮੈਂ ਕੁਝ ਦਿਨ ਪਹਿਲਾਂ ਡਾਲੋਵਾਲ ਪਿੰਡ ਗਿਆ ਸਾਂ।
ਇਹ ਪਿੰਡ ਮੁਕੇਰੀਆਂ-ਹਾਜੀਪੁਰ ਸੜਕ ’ਤੇ ਮੁਕੇਰੀਆਂ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਹੈ। ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸੁਣਾਉਣ ਲਈ ਮੈਨੂੰ ਦੋ ਬਾਬੇ ਮਿਲ ਗਏ। ਨਿਰਮਲ ਸਿੰਘ ਉਦੋਂ ਅਠਾਰਾਂ ਅਤੇ ਰਾਜ ਮੱਲ ਪੰਦਰਾਂ ਵਰ੍ਹਿਆਂ ਦੇ ਸਨ। ਨਿਰਮਲ ਸਿੰਘ ਹੋਰਾਂ ਦੀ ਤਾਂ ਮੰਗਣੀ ਵੀ ਹੋ ਚੁੱਕੀ ਸੀ। ਸੰਤਾਲੀ ਤੋਂ ਪਹਿਲਾਂ ਇੱਥੇ ਗੁਰਾਇਆ ਜੱਟ, ਆਦਿ-ਧਰਮੀ, ਮੁਸਲਮਾਨ ਫ਼ਕੀਰ ਤੇ ਹਿੰਦੂ ਮਹਿਰੇ ਵੱਸਦੇ ਸਨ।
ਮੈਂ ਸੰਤਾਲੀ ਤੋਂ ਪਹਿਲਾਂ ਦੇ ਡਾਲੋਵਾਲ ਬਾਰੇ ਪੁੱਛਿਆ ਤਾਂ ਨਿਰਮਲ ਸਿੰਘ ਹੋਰੀਂ ਬੋਲੇ, “ਉਦੋਂ ਹੁਣ ਵਾਲਾ ਭੋਖੜਾ ਨਹੀਂ ਸੀ। ਰੱਜੀਆਂ ਰੂਹਾਂ ਦਾ ਵੇਲਾ ਸੀ ਉਹ। ਬੜੇ ਅਸੂਲ ਪ੍ਰਸਤ ਲੋਕ ਵੱਸਦੇ ਸਨ। ਮੈਂ ਤੁਹਾਨੂੰ ਇਕ ਗੱਲ ਸੁਣਾਉਂਦਾ ਹਾਂ। ਸਾਡੇ ਇਲਾਕੇ ’ਚ ਸਹਿਜੇ ਕਿਤੇ ਗੁਰਾਇਆ ਗੋਤ ਦੇ ਜੱਟ ਨਹੀਂ ਲੱਭਦੇ। ਇਕ ਪਿੰਡ ਲੰਡੇ ਆ। ਮੈਂ ਉੱਥੇ ਆਪਣੇ ਕੁੜਮਾਂ ਨਾਲ ਵਿਆਹ ਗਿਆ ਸਾਂ। ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਉੱਥੇ ਵੀ ਸਾਡੇ ਗੋਤੀ ਵੱਸਦੇ ਆ। ਮੈਂ ਜਨੇਤ ’ਚ ਨਹੀਂ, ਵੱਖਰਿਆਂ ਬਹਿ ਕੇ ਰੋਟੀ ਖਾਧੀ ਸੀ।” ਗੱਲ ਮੁਕਾ ਉਹ ਮਾਣ ’ਚ ਮੁਸਕਰਾਏ।
ਰਾਜ ਮੱਲ ਨੇ ਦੱਸਿਆ,“ਇਸ ਪਿੰਡ ’ਚ ਮੁਸਲਮਾਨ ਫ਼ਕੀਰ ਵੱਸਦੇ ਸਨ। ਉਨ੍ਹਾਂ ਦੀ ਵੱਖਰੀ ਪੱਤੀ ਸੀ। ਉਨ੍ਹਾਂ ’ਚੋਂ ਮੈਨੂੰ ਕੁਝ ਨਾਂ ਯਾਦ ਨੇ। ਅੱਲਾ ਦਿੱਤਾ, ਗਾਮੋਂ, ਸੌਮੰਦਾ ਤੇ ਹੁਸੈਨਾ। ਇਹ ਜੱਟਾਂ ਨਾਲ ਖੇਤਾਂ ’ਚ ਕੰਮ ਕਰਵਾਉਂਦੇ। ਰੱਜ ਕੇ ਸਾਊ ਬੰਦੇ ਸਨ। ਸਾਰੀਆਂ ਬਿਰਾਦਰੀਆਂ ਦੇ ਲੋਕ ਭੈਣ-ਭਾਈਆਂ ਦੀ ਤਰ੍ਹਾਂ ਵੱਸਦੇ। ਸਾਡੇ ਪਿੰਡ ਇਕ ਪਿੱਪਲ ਹੁੰਦਾ ਸੀ। ਗਰਮੀਆਂ ਨੂੰ ਉਹਦੇ ਥੱਲੇ ਸਾਰਾ ਪਿੰਡ ਆਣ ਬਹਿੰਦਾ। ਬਜ਼ੁਰਗਾਂ ਨੇ ਹੁੱਕੇ ਆਪਣੇ ਕੋਲ ਰੱਖ ਲੈਣੇ। ਉੱਥੇ ਅਮਰੂ ਮਿਸਤਰੀ ਦਾ ਕਾਰਖਾਨਾ ਵੀ ਹੁੰਦਾ ਸੀ।” ਬੀਤੇ ਵਕਤ ਦੀਆਂ ਸਾਂਝਾਂ ਅਤੇ ਰੌਣਕਾਂ ਨੂੰ ਯਾਦ ਕਰਦਿਆਂ ਰਾਜ ਮੱਲ ਹੋਰੀਂ ਉਦਾਸ ਹੋ ਗਏ।
ਨਿਰਮਲ ਸਿੰਘ ਕਦੇ ਵੀ ਸਕੂਲ ਨਹੀਂ ਸਨ ਗਏ। ਰਾਜ ਮੱਲ ਹੋਰੀਂ ਬੇਗਪੁਰ-ਕਮਲੂਹ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਗਏ ਸਨ।
“ਦਸੂਹੇ ਦੇ ਮੇਹਰ ਸਿੰਘ ਤੇ ਭੰਗਨਾਲੀ ਦੇ ਪੰਡਤ ਹੋਰੀਂ ਸਾਨੂੰ ਪੜ੍ਹਾਉਂਦੇ ਸਨ। ਅਸੀਂ ਚਾਰ ਮੁੰਡੇ ਇਸ ਪਿੰਡੋਂ ਪੜ੍ਹਨ ਜਾਂਦੇ। ਇਕ ਮੈਂ ਤੇ ਤਿੰਨ ਮੁਸਲਮਾਨਾਂ ਦੇ। ਦੀਨਾ ਅਤੇ ਸਦੀਕ; ਹੁਣ ਬਸ ਇਹੀ ਦੋ ਨਾਂ ਯਾਦ ਨੇ ਮੈਨੂੰ। ਉੱਥੇ ਅਸੀਂ ਅਲ਼ਫ਼-ਬੇ-ਪੇ ਪੜ੍ਹਦੇ ਜਾਂ ਫਿਰ ਹਿਸਾਬ-ਕਿਤਾਬ। ਫਿਰ ਮੈਂ ਬਿਮਾਰ ਹੋ ਗਿਆ ਤੇ ਚੌਥੀ ’ਚੋਂ ਹਟ ਗਿਆ। ਸਦੀਕ ਸਕੂਲ ਜਾਣ ਲੱਗਿਆ, ਕਈ ਦਿਨ ਸਾਡੇ ਘਰ ਮੂਹਰੇ ਖੜ੍ਹ ਕੇ ਆਵਾਜ਼ ਦਿੰਦਾ ਰਿਹਾ। ਸਕੂਲ ਤਾਂ ਕੀ ਜਾਣਾ ਸੀ ਮੈਂ ਮੁੜ ਕਦੇ ਆਪਣੇ ਕਾਇਦੇ ਵੱਲ ਵੀ ਨਾ ਵੇਖਿਆ। ਜੋ ਕੁਝ ਚਾਰ ਵਰ੍ਹਿਆਂ ’ਚ ਪੜ੍ਹਿਆ ਸੀ, ਉਹ ਸਭ ਵੀ ਭੁੱਲ-ਭੁਲਾ ਗਿਆ।” ਰਾਜ ਮੱਲ ਹੋਰੀਂ ਹੱਸਣ ਦੀ ਕੋਸ਼ਿਸ਼ ਕਰਦੇ ਚਾਣਚਕ ਉਦਾਸ ਹੋ ਗਏ।
ਮੈਂ ਸੰਤਾਲੀ ਬਾਰੇ ਪੁੱਛਿਆ ਉਹ ਦੋਵੇਂ ਬਜ਼ੁਰਗ ਇਕ-ਦੂਜੇ ਦੇ ਮੂੰਹ ਵੱਲ ਖਾਮੋਸ਼ ਝਾਕਣ ਲੱਗੇ। ਫਿਰ ਨਿਰਮਲ ਸਿੰਘ ਮੁਕੇਰੀਆਂ ਵੱਲ ਹੱਥ ਕਰਕੇ ਬੋਲੇ,“ਮੁਸਲਮਾਨ ਇੱਧਰੋਂ ਹਲਾ-ਲਲਾ ਕਰਦੇ ਆਉਂਦੇ ਹੁੰਦੇ ਸੀ। ਅਸੀਂ ਤਾਂ ਗੱਡਿਆਂ ’ਤੇ ਸਾਮਾਨ ਲੱਦ ਕੇ ਇੱਥੋਂ ਤੁਰ ਗਏ ਸਾਂ।’’
“ਤੁਹਾਡੇ ਪਿੰਡ ’ਚ ਵੀ ਕੋਈ ਕਤਲ ਹੋਇਆ ਸੀ?” ਇਸ ਵਾਰ ਮੈਂ ਸਿੱਧਾ ਸਵਾਲ ਕੀਤਾ।
“ਹੋਇਆ ਕਿਉਂ ਨਹੀਂ!..” ਉਨ੍ਹਾਂ ਗੁੱਸੇ-ਭਰੇ ਪਛਤਾਵੇ ’ਚ ਸਿਰ ਮਾਰਦਿਆਂ ਗੱਲ ਸ਼ੁਰੂ ਕੀਤੀ।
“…ਬਚਿਆ ਕੌਣ ਸੀ ਇੱਥੇ?…” ਉਹ ਅਗਾਂਹ ਬੋਲੇ।
“…ਉਹੀ ਤਿੰਨ ਭਰਾ, ਜਿਨ੍ਹਾਂ ਦੇ ਪਹਿਲਾਂ ਨਾਂ ਲਏ ਨੇ। ਅੱਲਾ ਦਿੱਤਾ, ਗਾਮੋਂ ਤੇ ਸੌਮੰਦਾ। ਉਹ ਆਪਣੇ ਬਾਪੂ ਨੂੰ ਕਹਿਣ ਲੱਗੇ-ਅੱਬਾ, ਇੱਥੇ ਗੜਬੜ ਹੋ ਜਾਣੀ ਏ, ਆ ਆਪਾਂ ਪੰਜ ਢੇਰੇ ਚਲੇ ਜਾਈਏ। ਜ਼ੈਲਦਾਰ ਕੋਲ। ਉਨ੍ਹਾਂ ਦਾ ਅੱਬਾ ਨਾ ਮੰਨਿਆ। ਆਖਣ ਲੱਗਾ-ਪਿੰਡ ਵਾਲਿਆਂ ਨਾਲ ਸਾਡਾ ਇਕਰਾਰਨਾਮਾ ਹੋ ਚੁੱਕਾ। ਉਨ੍ਹਾਂ ਸਾਨੂੰ ਬਚਾਉਣ ਲਈ ਕਸਮਾਂ ਖਾਧੀਆਂ ਨੇ। ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਇੱਥੇ ਕਿਹੜਾ ਭਾਣਾ ਵਾਪਰਨਾ! ਸਾਡੇ ਪਿੰਡ ਦੇ ਬਰਾਬਰ ਸੜਕ ’ਤੇ ਕਿਸੇ ਗੈਰ ਮੁਸਲਿਮ ਦਾ ਕਤਲ ਹੋ ਗਿਆ। ਇਸ ਹਾਦਸੇ ਤੋਂ ਬਾਅਦ ਇੱਥੇ ਫ਼ੌਜ ਆ ਗਈ। ਸਾਡੇ ਪਿੰਡ ਦੇ ਸਾਰੇ ਮੁਸਲਮਾਨ ਉਨ੍ਹਾਂ ਸਾਡੇ ਖੂਹ ’ਤੇ ਇਕੱਠੇ ਕਰ ਲਏ। ਪਿੰਡ ਦੇ ਮੋਹਤਬਰਾਂ ਨੇ ਅਫ਼ਸਰ ਮੂਹਰੇ ਹੱਥ ਜੋੜਦਿਆਂ ਆਖਿਆ ਸੀ- ਸਾਡੇ ਪਿੰਡ ਦੇ ਮੁਸਲਮਾਨ ਡਾਹਢੇ ਸ਼ਰੀਫ਼ ਨੇ। ਇਨ੍ਹਾਂ ਰੱਬ ਦੇ ਬੰਦਿਆਂ ਨੇ ਤਾਂ ਕਦੇ ਚਿੜੀ ਦੇ ਵੱਟਾ ਨਹੀਂ ਮਾਰਿਆ।
ਇਕ-ਦੋ ਬੰਦਿਆਂ ਨੂੰ ਉਦੋਂ ਬੜਾ ਝੱਲ ਕੁੱਦਿਆ ਪਿਆ ਸੀ। ਉਨ੍ਹਾਂ ਫ਼ਕੀਰਾਂ ਨੂੰ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ। ਫ਼ੌਜੀਆਂ ਨੇ ਫ਼ਕੀਰਾਂ ਦੇ ਹਮਾਇਤੀ ਪਿੰਡ ਵੱਲ ਤੋਰ ਦਿੱਤੇ ਤੇ ਉਨ੍ਹਾਂ ‘ਸਿਰ-ਫਿਰਿਆਂ’ ਨੂੰ ਉੱਥੇ ਰੱਖ ਲਿਆ। ਸਾਡੇ ਖੂਹ ਤੋਂ ਤੋਰ ਕੇ ਉਹ ਫ਼ਕੀਰਾਂ ਨੂੰ ਸੜਕ ’ਤੇ ਲੈ ਆਏ। ਫਿਰ ਅਫ਼ਸਰ ਨੇ ਉਨ੍ਹਾਂ ‘ਸਿਰ ਫਿਰਿਆਂ’ ਨੂੰ ਹੁਕਮ ਦਿੱਤਾ ਕਿ ਕੋਈ ਬਚਣਾ ਨਹੀਂ ਚਾਹੀਦਾ। ਉਨ੍ਹਾਂ ਵਿਚਾਰਿਆਂ ਨੂੰ ਕਤਾਰ ’ਚ ਖੜੋ ਕੇ…। ਬਸ ਉਹੀ ਤਿੰਨ ਭਰਾ ਬਚੇ ਜੋ ਇਕ ਦਿਨ ਪਹਿਲਾਂ ਪਿੰਡੋਂ ਨਿਕਲ ਗਏ ਸਨ। ਪੰਜ-ਸੱਤ ਹੋਰ ਹੋਣਗੇ ਜੋ ਮੌਕੇ ’ਤੇ ਅੱਗੇ-ਪਿੱਛੇ ਹੋ ਗਏ ਜਾਂ ਕਿਤੇ ਗਏ ਹੋਏ ਸਨ। ਕੁਝ ਦੌੜ ਵੀ ਗਏ ਹੋਣਗੇ। ਤਿੰਨ-ਚਾਰ ਔਰਤਾਂ ਜ਼ਰੂਰ ਬਚ ਗਈਆਂ ਸਨ!” ਗੱਲ ਕਰਦੇ ਬਾਬਾ ਨਿਰਮਲ ਸਿੰਘ ਹੋਰੀ ਚੁੱਪ ਹੋ ਗਏ।
“ਉਹ ਕਿਵੇਂ ਬਚ ਗਈਆਂ?” ਮੈਂ ਸਵਾਲ ਕੀਤਾ।
“ਅਸੀਂ ਕੀ ਦੱਸੀਏ! ਅਸੀਂ ਤਾਂ ਹੁਣ ਤਕ ਸ਼ਰਮਿੰਦਾ ਆਂ। ਐਵੇਂ ਕਲੰਕ ਖੱਟ ਲਿਆ, ਸਾਡੇ ਪਿੰਡ ਨੇ। ਉਹ ਔਰਤਾਂ ਵੀ ਉਹੀ ‘ਸਿਰ ਫਿਰੇ’ ਲੈ ਆਏ ਸੀ। ਦੋ-ਚਾਰ ਦਿਨ ਰੱਖ ਕੇ ਅਗਾਂਹ ਤੋਰ ਦਿੱਤੀਆਂ। ਫਿਰ ਬਲੋਚ ਰੈਜੀਮੈਂਟ ਆਈ ਸੀ ਤੇ ਉਨ੍ਹਾਂ ਔਰਤਾਂ ਨੂੰ ਗੱਡੀਆਂ ’ਚ ਬਿਠਾ ਕੇ ਲੈ ਗਈ ਸੀ।” ਇਹ ਆਖਦਿਆਂ ਨਿਰਮਲ ਸਿੰਘ ਜਿਹੇ ਬੇਪ੍ਰਵਾਹ ਆਦਮੀ ਦੇ ਚਿਹਰੇ ’ਤੇ ਵੀ ਉਦਾਸੀ ਉਤਰ ਆਈ ਸੀ।
ਉਨ੍ਹਾਂ ਔਰਤਾਂ ਦੀ ਦਰਦ-ਕਹਾਣੀ ਵੀ ਮੈਂ ਸੁਣ ਚੁੱਕਾ ਸਾਂ। ਬੇਗਪੁਰ-ਕਮਲੂਹ ਉੱਠ ਕੇ ਲਹਿੰਦੇ ਪੰਜਾਬ ਗਏ ਇਕ ਮੁਸਲਮਾਨ ਦੇ ਮੂੰਹੋਂ। ਡਾਲੋਵਾਲ ਦੀਆਂ ਉਨ੍ਹਾਂ ਚਾਰ ਔਰਤਾਂ ਨੂੰ ਬਰਾਮਦ ਕਰਕੇ ਬਲੋਚ ਰੈਜੀਮੈਂਟ ਭੋਗਪੁਰ ਕੋਲ ਢੱਡੇ ਸਨੌਰੇ ਵਾਲੇ ਕੈਂਪ ’ਚ ਛੱਡ ਗਈ ਸੀ। ਉਨ੍ਹਾਂ ’ਚੋਂ ਦੋ ਔਰਤਾਂ ਦੇ ਘਰਵਾਲੇ ਸਹੀ ਸਲਾਮਤ ਸਨ। ਉਹ ਕੈਂਪ ਪਹੁੰਚੀਆਂ ਤਾਂ ਪਿੰਡ ਵਾਲੇ ਅਤੇ ਰਿਸ਼ਤੇਦਾਰ ਇਕੱਠੇ ਹੋ ਗਏ। ਹਮਦਰਦੀ ਕਰਨ ਲਈ ਨਹੀਂ, ਸਗੋਂ ਸਵਾਲ ਪੁੱਛਣ ਵਾਸਤੇ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪਿਛਲੇ ਅੱਠ-ਦਸ ਦਿਨਾਂ ’ਚ ਉਨ੍ਹਾਂ ਨਾਲ ਕੀ-ਕੀ ਵਾਪਰਿਆ ਏ? ਉਨ੍ਹਾਂ ਦਿਨ-ਰਾਤ ਹੋਈਆਂ ਜ਼ਿਆਦਤੀਆਂ ਦਾ ‘ਕਿੱਸਾ’ ਉਨ੍ਹਾਂ ਨੂੰ ਸੁਣਾ ਦਿੱਤਾ।
ਅਗਲੇ ਦਿਨ ਕਾਫ਼ਲਾ ਤੁਰਿਆ। ਸ਼ਾਮ ਤਕ ਉਹ ਨੂਰਪੁਰ ਕੈਂਪ ਤਕ ਪਹੁੰਚੇ। ਦੋ ਦਿਨਾਂ ਬਾਅਦ ਉਹ ਕਾਫ਼ਲਾ ਬਿਆਸ ਦੇ ਨੇੜੇ ਗੁਡਾਣੇ ਪਿੰਡ ’ਚ ਪਹੁੰਚ ਗਿਆ ਸੀ। ‘ਹੁਣ ਇਹ ਸਾਡੇ ਕਾਬਲ ਨਹੀਂ ਰਹੀਆਂ’ ਇਸ ਸੋਚ ਨਾਲ ਉਨ੍ਹਾਂ ਚਾਰੋਂ ਔਰਤਾਂ ਨੂੰ ਕਤਲ ਕਰਕੇ ਦਰਿਆ ’ਚ ਰੋੜ੍ਹ ਦਿੱਤਾ।
ਮੈਂ ਇਹ ਗੱਲ ਬਾਬਿਆਂ ਨੂੰ ਨਾ ਦੱਸੀ। ਉਨ੍ਹਾਂ ਹੋਰ ਵੀ ਦੁਖੀ ਹੋਣਾ ਸੀ।
ਦਰਅਸਲ, ਮੈਂ ਉਨ੍ਹਾਂ ਕੋਲੋਂ ਕੋਈ ਹੋਰ ਗੱਲ ਪੁੱਛਣ ਗਿਆ ਸਾਂ। ਉਹ ਗੱਲ ਜਿਸ ਨੇ ਮੈਨੂੰ ਕਈ ਦੇਰ ਤੋਂ ਤੜਫ਼ਾਈ ਰੱਖਿਆ ਸੀ। ਅੱਜ ਵੀ ਉਸ ‘ਹਾਦਸੇ’ ਬਾਰੇ ਸੋਚਾਂ ਤਾਂ ਕਲੇਜਾ ਮੂੰਹ ਨੂੰ ਆਉਂਦਾ। ਉਹੀ ਗੱਲ ਜੋ ਮੈਨੂੰ ਝਰੇੜੀਆਂ ਪਿੰਡ ਦੇ ਰੁਲਦੂ ਰਾਮ ਹੋਰਾਂ ਸੁਣਾਈ ਸੀ।
ਮੈਂ ਉਹ ਘਟਨਾ ਬਿਆਨ ਕੀਤੀ ਤਾਂ ਉਨ੍ਹਾਂ ਦੋਵਾਂ ਬਜ਼ੁਰਗਾਂ ਨੇ ਆਖਿਆ ਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਸੀ ਸੁਣਿਆ। ਮੈਂ ਉਨ੍ਹਾਂ ਨੂੰ ਉਹ ਘਟਨਾ ਸੁਣਾਈ। ਸੜਕ ਕਿਨਾਰੇ ਸਾਰੇ ਫ਼ਕੀਰ ਕਤਾਰ ’ਚ ਖੜ੍ਹੇ ਕਰ ਲਏ ਗਏ। ਅਫ਼ਸਰ ਨੇ ਸਿਰ-ਫਿਰਿਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਤਲਵਾਰਾਂ ਮਿਆਨਾਂ ’ਚੋਂ ਕੱਢ ਲਈਆਂ। ਉਨ੍ਹਾਂ ਬੱਚੇ, ਬੁੱਢੇ ਤੇ ਜਵਾਨਾਂ ਨੂੰ ਦੋਵੇਂ ਸਿਰਿਆਂ ਤੋਂ ਵੱਢਣਾ ਸ਼ੁਰੂ ਕਰ ਦਿੱਤਾ। ਕੋਈ ਹੱਥ ਜੋੜਦਾ, ਕੋਈ ਯਾਰੀ ਦੀ ਕਸਮ ਤੇ ਕੋਈ ਪਿੰਡ ਦੀ ਸਾਂਝ ਦਾ ਵਾਸਤਾ ਪਾਉਂਦਾ। ਕੋਈ ਪੀੜ੍ਹੀਆਂ ਤੋਂ ਕੀਤੀ ਸੇਵਾ ਯਾਦ ਕਰਵਾਉਂਦਾ।
ਪਰ ਉਦੋਂ ਕੌਣ ਸੁਣਦਾ ਸੀ! ਫ਼ੌਜੀਆਂ ਦੀਆਂ ਬੰਦੂਕਾਂ ਦੀਆਂ ਨਾਲੀਆਂ ਦੇ ਮੂੰਹ ਕਾਤਲਾਂ ਵੱਲ ਸਨ ਤੇ ਕਾਤਲ ਨਿਰੰਤਰ ਧੌਣਾਂ ਲਾਹੀ ਜਾ ਰਹੇ ਸਨ।
ਚਾਣਚਕ ਇਕ ਅੱਠ ਕੁ ਵਰ੍ਹਿਆਂ ਦੇ ਬੱਚੇ ਦੀ ਆਵਾਜ਼ ਆਈ।
ਉਹ ਦੋਵਾਂ ’ਚੋਂ ਇਕ ਕਾਤਲ ਨੂੰ ਕਹਿਣ ਲੱਗਾ -ਤਾਇਆ, ਹਾਲੇ ਨਾ ਮਾਰੀਂ। ਮੈਨੂੰ ਆਪਣਾ ਝੱਗਾ ਲਾਹ ਲੈਣ ਦੇ। ਨਹੀਂ ਤਾਂ ਇਹ ਲਹੂ ਨਾਲ ਖ਼ਰਾਬ ਹੋ ਜਾਣਾ!
ਇਹ ਆਖ ਉਹ ਆਪਣਾ ਝੱਗਾ ਲਾਹੁਣ ਲੱਗਾ ਪਰ…!
ਸੰਪਰਕ: 97818-43444