ਪੱਤਰ ਪ੍ਰੇਰਕ
ਭਗਤਾ ਭਾਈ, 2 ਜੁਲਾਈ
ਪਿੰਡ ਸਿਰੀਏਵਾਲਾ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਸੇਵਕ ਸਿੰਘ (30) ਵਾਸੀ ਸਿਰੀਏਵਾਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਮਨਦੀਪ ਕੌਰ ਪਤਨੀ ਸੇਵਕ ਸਿੰਘ ਦੇ ਪਿੰਡ ਦੇ ਨੌਜਵਾਨ ਦਿਲਰਾਜ ਸਿੰਘ ਨਾਲ ਪਿਛਲੇ ਕੁਝ ਸਮੇਂ ਤੋਂ ਕਥਿਤ ਪ੍ਰੇਮ ਸਬੰਧ ਸਨ, ਜਿਸ ਦਾ ਉਸ ਦਾ ਪੁੱਤਰ ਸੇਵਕ ਸਿੰਘ ਵਿਰੋਧ ਕਰਦਾ ਸੀ। ਇਸ ਰੰਜਿਸ਼ ਦੇ ਚਲਦਿਆਂ ਅੱਜ ਸਵੇਰੇ 3 ਵਜੇ ਦੇ ਕਰੀਬ ਮਨਦੀਪ ਕੌਰ, ਦਿਲਰਾਜ ਸਿੰਘ ਤੇ ਯੋਧਾ ਸਿੰਘ ਨੇ ਘਰ ਵਿੱਚ ਪਏ ਸੇਵਕ ਸਿੰਘ ਦਾ ਕਿਸੇ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਦਿਲਰਾਜ ਸਿੰਘ, ਮਨਦੀਪ ਕੌਰ ਤੇ ਯੋਧਾ ਸਿੰਘ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।