ਨਵੀਂ ਦਿੱਲੀ, 3 ਜੁਲਾਈ
ਭਾਰਤ ਨਾਲ 59000 ਕਰੋੜ ਰੁਪਏ ਦੇ ਰਾਫੇਲ ਲੜਾਕੂ ਜਹਾਜ਼ ਸੌਦੇ ਦੇ ਅਤਿਸੰਵੇਦਨਸ਼ੀਲ ਮਾਮਲੇ ਵਿੱਚ ਕਥਿਤ “ਭ੍ਰਿਸ਼ਟਾਚਾਰ ਅਤੇ ਪੱਖਪਾਤ” ਦੀ ਜੁਡੀਸ਼ਲ ਜਾਂਚ ਲਈ ਜੱਜ ਦੀ ਨਿਯੁਕਤੀ ਕਰ ਦਿੱਤੀ ਹੈ, ਜਿਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਹੁਣ ਸਪੱਸ਼ਟ ਤੌਰ ’ਤੇ ਸਾਹਮਣੇ ਆਇਆ ਹੈ। ਫਰਾਂਸ ਦੀ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਅੱਜ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਸਟੈਂਡ ਨੂੰ ਸਹੀ ਠਹਿਰਾਇਆ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਜਾਂ ਭਾਜਪਾ ਵੱਲੋਂ ਕੋਈ ਤੁਰੰਤ ਪ੍ਰਤੀਕਰਮ ਨਹੀਂ ਆਇਆ। ਮੀਡੀਆ ਮੁਤਾਬਕ ਸਾਲ 2016 ਵਿਚ ਹੋਏ ਇਸ ਸੌਦੇ ਦੀ ਜਾਂਚ 14 ਜੂਨ ਨੂੰ ਰਸਮੀ ਤੌਰ ‘ਤੇ ਖੁੱਲ੍ਹ ਗਈ ਸੀ।