ਪਾਲ ਸਿੰਘ ਨੌਲੀ
ਜਲੰਧਰ, 2 ਜੁਲਾਈ
ਬਿਜਲੀ ਕੱਟਾਂ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਪੰਜ ਘੰਟਿਆਂ ਤੱਕ ਨੈਸ਼ਨਲ ਹਾਈਵੇਅ ਜਾਮ ਕਰਕੇ ਰੋਸ ਪ੍ਰਗਟਾਇਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਨੂੰ ਜਾਣ ਵਾਲੇ 44 ਨੰਬਰ ਨੈਸ਼ਨਲ ਹਾਈਵੇਅ ’ਤੇ ਬਾਠ ਕੈਸਲ ਨੇੜੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਜਾਮ ਕੀਤਾ ਗਿਆ। ਉੱਤਰੀ ਜ਼ੋਨ ਦੇ ਚੀਫ ਇੰਜੀਨੀਅਰ ਵੱਲੋਂ ਖੇਤੀ ਖੇਤਰ ਨੂੰ ਲਗਤਾਰ ਅੱਠ ਘੰਟੇ ਬਿਜਲੀ ਦੇਣ ਦੇ ਦਿੱਤੇ ਭਰੋਸੇ ਤੋਂ ਬਾਅਦ ਹੀ ਜਾਮ ਖੋਲ੍ਹਿਆ ਗਿਆ। ਨੈਸ਼ਨਲ ਹਾਈਵੇਅ ਦੇ ਦੋਵੇਂ ਲਾਂਘੇ ਰੋਕੇ ਜਾਣ ਨਾਲ ਦੂਰ-ਦੂਰ ਤੱਕ ਗੱਡੀਆਂ ਦੀਆਂ ਕਈ ਕਿਲੋਮੀਟਰਾਂ ਤੱਕ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਪੁਲੀਸ ਨੂੰ ਬਦਲਵੇਂ ਰੂਟਾਂ ਦਾ ਪ੍ਰਬੰਧ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਨੈਸ਼ਨਲ ਹਾਈਵੇਅ ’ਤੇ ਇਕ ਪਾਸੇ ਸ਼ਾਮਿਆਨਾ ਲਾਇਆ ਹੋਇਆ ਸੀ ਤੇ ਦੂਜੇ ਪਾਸੇ ਗੱਡੀਆਂ ਖੜ੍ਹੀਆਂ ਕਰਕੇ ਸੜਕ ਰੋਕੀ ਹੋਈ ਸੀ। ਨੈਸ਼ਨਲ ਹਾਈਵੇਅ ਨਾਲ ਸਰਵਿਸ-ਲੇਨ ਨੂੰ ਵੀ ਰੋਕਿਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਮੁੱਖ ਬੁਲਾਰੇ ਕਸ਼ਮੀਰ ਸਿੰਘ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੈਪਟਨ ਸਰਕਾਰ ਬਿਜਲੀ ਪੂਰੀ ਨਹੀਂ ਦਿੰਦੀ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।
ਭਾਜਪਾ ਨੇ ਮੰਗ ਪੱਤਰ ਦੇ ਨਾਲ ਸਰਕਾਰ ਨੂੰ ਭੇਜੀਆਂ ਪੱਖੀਆਂ
ਭਾਜਪਾ ਆਗੂਆਂ ਨੇ ਕਿਹਾ ਕਿ ਬਿਜਲੀ ਕੱਟਾਂ ਨੇ ਪਹਿਲਾਂ ਹੀ ਮੰਦੀ ਵਿੱਚ ਚੱਲ ਰਹੇ ਕਾਰੋਬਾਰ ਨੂੰ ਹੋਰ ਤਬਾਹੀ ਦੇ ਕੰਢੇ ’ਤੇ ਲੈ ਆਂਦਾ ਹੈ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਮਹਿੰਦਰੂ ਭਗਤ ਅਤੇ ਅਨਿਲ ਸੱਚਰ ਨੇ ਕੈਪਟਨ ਸਰਕਾਰ ਨੂੰ ਪੰਜਾਬ ਤੇ ਦਲਿਤ ਵਿਰੋਧੀ ਕਰਾਰ ਦਿੱਤਾ। ਭਾਜਪਾ ਨੇ ਪਾਵਰਕੌਮ ਦੇ ਚੀਫ ਇੰਜੀਨੀਅਰ ਨੂੰ ਮੰਗ ਪੱਤਰ ਦੇ ਨਾਲ ਪੱਖੀਆਂ ਵੀ ਦਿੱਤੀਆਂ ਕਿ ਉਹ ਸਰਕਾਰ ਤੱਕ ਜ਼ਰੂਰ ਪਹੁੰਚਾਉਣ।